ਸਾਵਧਾਨ! ਕਿਤੇ ਤੁਸੀਂ ਨਕਲੀ ਨੋਟ ਤਾਂ ਨਹੀਂ ਲੈ ਰਹੇ ਹੋ?
Saturday, Nov 09, 2024 - 10:29 AM (IST)
ਬੋਹਾ (ਅਮਨਦੀਪ) : ਦੇਸ਼ ਵਿਚ ਦਿਨ-ਬ-ਦਿਨ ਬੇਰੁਜ਼ਗਾਰੀ ਤੇ ਭੁੱਖਮਰੀ ਵੱਧਣ ਉਪਰੰਤ ਲੋਕਾਂ ਨੇ ਹੁਣ ਚੋਰੀ ਆਦਿ ਦੇ ਮਾਮਲੇ ’ਚੋਂ ਧਿਆਨ ਹਟਾਉਂਦਿਆਂ ਨਕਲੀ ਨੋਟਾਂ ਦੇ ਧੰਦਿਆਂ ਵੱਲ ਜ਼ਿਆਦਾ ਮੂੰਹ ਮੋੜ ਲਿਆ ਲੱਗ ਰਿਹਾ ਹੈ। ਇਸ ਤਹਿਤ ਹੋਰਨਾਂ ਸੂਬਿਆਂ ਵਾਂਗ ਪੰਜਾਬ ਦੇ ਕਈ ਸ਼ਹਿਰਾਂ ਵਿਚ ਨਕਲੀ ਨੋਟਾਂ ਸਬੰਧੀ ਨਿੱਤ ਖ਼ਬਰਾਂ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਤੱਕ ਕਿਸੇ ਕੋਲ ਵੀ ਜ਼ਿਆਦਾ ਮਾਤਰਾ ’ਚ ਇਕੱਠੇ ਨੋਟ ਨਹੀਂ ਆਏ, ਸਗੋਂ ਇਕ-ਇਕ, ਦੋ-ਦੋ ਨਕਲੀ ਨੋਟ ਲੋਕਾਂ ਕੋਲ ਆਏ ਹਨ।
ਇਕ ਸਕੂਲੀ ਵਿਦਿਆਰਥੀ ਨੇ ਵੀ ਮਾਰਕੀਟ ’ਚ ਨਕਲੀ ਨੋਟ ਆਉੁਣ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਜਦੋਂ ਉਹ ਨੋਟ ਲੈ ਕੇ ਕਿਸੇ ਸਾਮਾਨ ਲਈ ਦੁਕਾਨਦਾਰ ਕੋਲ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਨਕਲੀ ਕਹਿ ਕੇ ਵਾਪਸ ਕਰ ਦਿੱਤਾ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਨਕਲੀ ਨੋਟ ਦੇ ਨੰਬਰ ਅਸਲੀ ਦੀ ਬਜਾਏ ਬਾਰੀਕ ਅੱਖਰਾਂ ਵਿਚ ਹੁੰਦੇ ਹਨ ਅਤੇ ਇਸ ਦੇ ਨਾਲ-ਨਾਲ ਵਿਚਕਾਰ ਗੋਲਡਨ ਲਾਈਨ ਵੀ ਥੋੜ੍ਹੀ ਉੁੱਭਰੀ ਹੋਈ ਨਜ਼ਰ ਆਵੇਗੀ। ਉਨ੍ਹਾਂ ਦੱਸਿਆ ਕਿ ਨਕਲੀ ਨੋਟ ਦਾ ਕਾਗਜ਼ ਵੀ ਅਸਲੀ ਨੋਟ ਦੇ ਕਾਗਜ਼ ਨਾਲੋਂ ਕੁੱਝ ਹਲਕਾ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਲੈਣ-ਦੇਣ ਕਰਦੇ ਸਮੇਂ ਨਕਲੀ ਅਤੇ ਅਸਲੀ ਨੋਟਾਂ ਦੀ ਪਛਾਣ ਰੱਖਣੀ ਚਾਹੀਦੀ ਹੈ।