21ਵੀਂ ਸਦੀ ਦੇ ਪਹਿਲੇ ਦਿਨ ਜਨਮ ਲੈਣ ਵਾਲਿਆਂ ਨੂੰ ਮਿਲੇਗਾ ਮਿਲੇਨੀਅਮ ਵੋਟਰ ਦਾ ਖਿਤਾਬ

11/17/2017 2:20:51 PM

ਲੁਧਿਆਣਾ (ਹਿਤੇਸ਼) : ਚੋਣ ਕਮਿਸ਼ਨ ਨੇ ਵੋਟਰ ਲਿਸਟਾਂ ਦੀ ਸੋਧ ਦੀ ਜੋ ਪ੍ਰਕਿਰਿਆ ਸ਼ੁਰੂ ਕੀਤੀ ਹੈ, ਉਸ ਦੇ ਤਹਿਤ 1.1.2000 ਮਤਲਬ ਕਿ 21ਵੀਂ ਸਦੀ ਦੇ ਪਹਿਲੇ ਦਿਨ ਜਨਮ ਲੈਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਕਿਉਂਕਿ 1 ਜਨਵਰੀ 2018 ਨੂੰ ਉਨ੍ਹਾਂ ਦੀ ਉਮਰ 18 ਸਾਲ ਪੂਰੀ ਹੋ ਜਾਵੇਗੀ। ਇਸ ਕੈਟਾਗਰੀ ਵਿਚ ਸ਼ਾਮਲ ਹੋਣ ਵਾਲੇ ਵੋਟਰਾਂ ਨੂੰ 25 ਜਨਵਰੀ ਨੂੰ ਨੈਸ਼ਨਲ ਵੋਟਰ-ਡੇ ਮੌਕੇ ਫੋਟੋ ਆਈ. ਡੀ. ਪਰੂਫ ਦੇ ਨਾਲ ਮਿਲੇਨੀਅਮ ਵੋਟਰ ਦਾ ਖਿਤਾਬ ਵੀ ਦਿੱਤਾ ਜਾਵੇਗਾ।
ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਰਾਜਾਂ ਨੂੰ ਭੇਜੇ ਗਏ ਸਰਕੂਲਰ ਵਿਚ ਅੰਦਾਜ਼ਾ ਲਾਇਆ ਗਿਆ ਹੈ ਕਿ ਦੇਸ਼ ਵਿਚ ਰੋਜ਼ਾਨਾ 74 ਹਜ਼ਾਰ ਬੱਚਿਆਂ ਦੇ ਪੈਦਾ ਹੋਣ ਦਾ ਅੰਕੜਾ ਹੈ। ਇਸ ਹਿਸਾਬ ਨਾਲ 21ਵੀਂ ਸਦੀ ਦੇ ਪਹਿਲੇ ਦਿਨ ਮਤਲਬ ਕਿ 1 ਜਨਵਰੀ 2000 ਨੂੰ ਵੀ ਇੰਨੇ ਹੀ ਬੱਚਿਆਂ ਨੇ ਜਨਮ ਲਿਆ ਹੋਵੇਗਾ, ਜੋ 2018 ਦੀ ਪਹਿਲੀ ਸਵੇਰ ਦੇ ਨਾਲ ਹੀ 18-19 ਸਾਲ ਦੀ ਉਮਰ ਵਰਗ ਵਿਚ ਆ ਜਾਣਗੇ, ਜਿਨ੍ਹਾਂ ਦਾ ਨਾਂ ਵੋਟਰ ਲਿਸਟ 'ਚ ਸ਼ਾਮਲ ਕਰਨ ਦੇ ਲਈ ਕੋਈ ਕਸਰ ਨਾ ਛੱਡਣ ਦੇ ਹੁਕਮ ਦਿੱਤੇ ਗਏ ਹਨ, ਜਿਸ ਦੇ ਤਹਿਤ ਨਗਰ ਨਿਗਮ, ਪੰਚਾਇਤ ਅਤੇ ਹਸਪਤਾਲਾਂ ਦੇ ਰਿਕਾਰਡ ਤੋਂ ਵੀ ਮਦਦ ਲੈਣ ਨੂੰ ਕਿਹਾ ਗਿਆ ਹੈ, ਜਿਸ ਦੇ ਆਧਾਰ 'ਤੇ ਬੀ. ਐੱਲ. ਓ. ਮਿਲੇਨੀਅਮ ਵੋਟਰ ਦੇ ਘਰ ਜਾ ਕੇ ਵੋਟ ਬਣਾਉਣੀ ਹੋਵੇਗੀ, ਜਿਸ ਬਾਰੇ ਕਮਿਸ਼ਨਰ ਨੇ ਜ਼ਿਲਾ ਵਾਈਜ਼ ਰਿਪੋਰਟ ਮੰਗੀ ਹੈ।
ਡੀ. ਸੀ. ਨੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਮੰਗਿਆ ਸਹਿਯੋਗ : ਵੋਟਰ ਲਿਸਟਾਂ ਨੂੰ ਅੱਪਡੇਟ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ 15 ਨਵੰਬਰ ਤੋਂ 14 ਦਸੰਬਰ ਤੱਕ ਚਲਾਈ ਜਾਣ ਵਾਲੀ ਮੁਹਿੰਮ ਦੀ ਸਫਲਤਾ ਲਈ ਡੀ. ਸੀ. ਪ੍ਰਦੀਪ ਅਗਰਵਾਲ ਨੇ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਤੋਂ ਸਹਿਯੋਗ ਮੰਗਿਆ ਹੈ। ਇਸ ਸਬੰਧੀ ਹੋਈ ਮੀਟਿੰਗ ਵਿਚ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਦੇਵ ਲਾਪਰਾਂ, ਸੁਖਚੈਨ ਗੋਗੀ, ਅਕਾਲੀ ਦਲ ਦੇ ਹਰਭਜਨ ਡੰਗ, ਭਾਜਪਾ ਦੇ ਹਰਮਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਭੋਲਾ ਗਰੇਵਾਲ, ਸੀ. ਪੀ. ਆਈ. ਦੇ ਗੁਰਨਾਮ ਸਿੱਧੂ ਸ਼ਾਮਲ ਹੋਏ, ਜਿਨ੍ਹਾਂ ਨੇ ਕਿਹਾ ਕਿ ਨਵੀਆਂ ਵੋਟਾਂ ਬਣਾਉਣ, ਫਰਜ਼ੀ ਵੋਟਾਂ 'ਤੇ ਇਤਰਾਜ਼ ਜਤਾਉਣ ਜਾਂ ਵੋਟਾਂ ਵਿਚ ਸੁਧਾਰ ਕਰਵਾਉਣ ਲਈ ਬੀ. ਐੱਲ. ਓ. ਦੇ ਨਾਲ ਪਾਰਟੀਆਂ ਵੀ ਆਪਣੇ ਏਜੰਟ ਲਾ ਸਕਦੀਆਂ ਹਨ, ਜਿਨ੍ਹਾਂ ਨੂੰ ਬਾਕਾਇਦਾ ਆਈ. ਡੀ. ਪਰੂਫ ਜਾਰੀ ਕੀਤਾ ਜਾਵੇਗਾ।


Related News