ਹਰਿਆਣਾ ''ਚ 4 ਲੋਕ ਸਭਾ ਸੀਟਾਂ ''ਤੇ ਅਹਿਮ ਭੂਮਿਕਾ ਨਿਭਾ ਸਕਦੈ ਹਨ ਸਿੱਖ ਵੋਟਰ

Monday, May 06, 2024 - 06:29 PM (IST)

ਹਰਿਆਣਾ ''ਚ 4 ਲੋਕ ਸਭਾ ਸੀਟਾਂ ''ਤੇ ਅਹਿਮ ਭੂਮਿਕਾ ਨਿਭਾ ਸਕਦੈ ਹਨ ਸਿੱਖ ਵੋਟਰ

ਹਰਿਆਣਾ- ਕਰੀਬ ਡੇਢ ਸਾਲ ਪਹਿਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਹੋਂਦ 'ਚ ਆਉਣ ਤੋਂ ਬਾਅਦ ਇਸ ਦਾ ਅਸਰ ਇਨ੍ਹਾਂ ਲੋਕ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਹਰਿਆਣਾ ਦੀਆਂ 10 'ਚੋਂ 4 ਸੀਟਾਂ 'ਤੇ ਸਿੱਖ ਵੋਟਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਨ੍ਹਾਂ ਸੀਟਾਂ 'ਚ ਅੰਬਾਲਾ, ਕਰਨਾਲ, ਕੁਰੂਕੁਸ਼ੇਤਰ ਅਤੇ ਸਿਰਸਾ ਸ਼ਾਮਲ ਹਨ। ਇਨ੍ਹਾਂ ਸੰਸਦੀ ਸੀਟਾਂ 'ਚ ਸਿੱਖ ਵੋਟਰਾਂ ਦੀ ਗਿਣਤੀ 20 ਫ਼ੀਸਦੀ ਹੈ। 

ਕਿਸਾਨ ਸੰਗਠਨਾਂ ਅਤੇ ਭਾਜਪਾ ਨਾਲ ਜੁੜੇ ਹਨ ਸਿੱਖ ਵੋਟਰ

ਐੱਚ.ਐੱਸ.ਜੀ.ਐੱਮ.ਸੀ. 2014 'ਚ ਕਾਂਗਰਸ ਦੇ ਕਾਰਜਕਾਲ 'ਚ ਹੋਂਦ 'ਚ ਆ ਗਈ ਸੀ ਪਰ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੋਣ ਕਾਰਨ ਡੇਢ ਸਾਲ ਪਹਿਲੇ ਐੱਚ.ਐੱਸ.ਜੀ.ਐੱਮ.ਸੀ. ਐਕਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਐੱਚ.ਐੱਸ.ਜੀ.ਐੱਮ.ਸੀ. ਮੈਂਬਰਾਂ ਨੂੰ ਵੱਡੇ ਪੈਮਾਨੇ 'ਤੇ ਸੱਤਾਧਾਰੀ ਭਾਜਪਾ ਸਰਕਾਰ ਵਲੋਂ ਨਾਮਜ਼ਦ ਕੀਤਾ ਗਿਆ ਸੀ। ਪਿਛਲੇ ਇਕ ਸਾਲ 'ਚ ਸੰਸਥਾ 'ਚ ਬਹੁਤ ਸਾਰੇ ਫੇਰਬਦਲ ਹੋਏ ਸਨ, ਇਸ ਦਾ ਅਸਰ ਸਿੱਖ ਵੋਟਰਾਂ 'ਤੇ ਪੈ ਰਿਹਾ ਹੈ। ਸਿੱਖ ਵੋਟਰ ਮੌਜੂਦਾ ਸਮੇਂ ਜਾਂ ਤਾਂ ਭਾਜਪਾ ਜਾਂ ਸਰਕਾਰ ਸਮਰਥਕ ਹਨ ਜਾਂ ਫਿਰ ਇਨ੍ਹਾਂ 'ਚ ਕਿਸਾਨ ਸਮਰਥਕ ਗ੍ਰਾਮੀਣ ਸਿੱਖ ਵੋਟਰ ਸ਼ਾਮਲ ਹਨ। ਰਿਪੋਰਟ ਕਹਿੰਦੀ ਹੈ ਕਿ ਸਿੱਖਾਂ ਦੀ ਸ਼ਹਿਰਾਂ 'ਚ ਰਹਿਣ ਵਾਲੀ ਆਬਾਦੀ ਭਾਜਪਾ ਜਾਂ ਸਰਕਾਰ ਸਮਰਥਕ ਹੈ, ਜਦੋਂ ਕਿ ਗ੍ਰਾਮੀਣ ਆਬਾਦੀ ਕਿਸਾਨ ਸੰਗਠਨਾਂ ਨਾਲ ਜੁੜੀ ਹੋਈ ਹੈ।

ਵੋਟਿੰਗ ਪੈਟਰਨ 'ਤੇ ਅਸਰ ਪੈਣ ਦੀ ਸੰਭਾਵਨਾ

ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਥਾਪਤ ਕੀਤੀ ਗਈ ਐੱਚ.ਐੱਸ.ਜੀ.ਐੱਮ.ਸੀ. ਭਾਈਚਾਰੇ ਦੇ ਲੋਕਾਂ ਦੇ ਅਨੁਰੂਪ ਨਤੀਜੇ ਦੇਣ 'ਚ ਅਸਫ਼ਲ ਰਹੀ ਹੈ, ਇਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਰਿਪੋਰਟ 'ਚ ਐੱਚ.ਐੱਸ.ਜੀ.ਐੱਮ.ਸੀ. ਦੇ ਇਕ ਸੀਨੀਅਰ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਕਰੀਬੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸੰਸਥਾ ਦੇ ਗਠਨ ਨਾਲ ਜੁੜੇ ਵਿਵਾਦਾਂ ਦਾ ਸਿੱਖਾਂ ਦਰਮਿਆਨ ਵੋਟਿੰਗ ਪੈਟਰਨ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸਾਬਕਾ ਅਹੁਦਾ ਅਧਿਕਾਰੀ ਅਤੇ ਐੱਚ.ਐੱਸ.ਜੀ.ਐੱਮ.ਸੀ. ਦੇ ਮੈਂਬਰ ਜਗਦੀਸ਼ ਸਿੰਘ ਝੀਂਡਾ ਅਤੇ ਸਮਾਨ ਵਿਚਾਰਧਾਰਾ ਵਾਲੇ ਮੈਂਬਰਾਂ ਨੇ ਭਾਜਪਾ ਤੋਂ ਇਲਾਵਾ ਉਨ੍ਹਾਂ ਰਾਜਨੀਤਕ ਦਲਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ-ਨਾਲ ਸਿੱਖ ਮੁੱਦਿਆਂ ਲਈ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News