ਮੈਡੀਕਲ ਕਾਲਜ ਨੂੰ ਠੱਗਾਂ ਨੇ ਲਾਇਆ ਲੱਖਾਂ ਰੁਪਏ ਦੀ ਠੱਗੀ ਦਾ ਟੀਕਾ
Sunday, Jul 12, 2020 - 03:51 PM (IST)
ਫਰੀਦਕੋਟ (ਜਗਤਾਰ): ਭਾਵੇਂ ਕਿ ਅੱਜ ਦੇ ਦੌਰ 'ਚ ਦੁਨੀਆ ਪੜ੍ਹ ਲਿਖ ਗਈ ਹੈ। ਬਾਵਜੂਦ ਇਸਦੇ ਦੁਨੀਆ ਅੰਦਰ ਆਪਣੇ ਸ਼ਾਤਿਰ ਦਿਮਾਗ਼ ਨਾਲ ਠੱਗ ਪੜ੍ਹੇ-ਲਿਖੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਹਨ। ਅਜਿਹਾ ਹੀ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਬਾਬਾ ਫਰੀਦ ਨਰਸਿੰਗ ਕਾਲਜ ਦੀ ਮੇਨੈਜਮੈਟ ਤੋਂ ਬੱਚਿਆਂ ਦਾ ਦਾਖ਼ਲਾ ਕਰਵਾਉਣ ਦੇ 'ਤੇ ਕਮਿਸ਼ਨ ਦੇ ਨਾਮ 'ਤੇ ਲੱਖਾਂ ਰੁਪਏ ਠੱਗ ਲਏ ਗਏ। ਜਿਸ ਬਾਰੇ ਕਾਲਜ਼ ਮੇਨੈਜਮੈਂਟ ਨੂੰ ਉਦੋਂ ਪਤਾ ਲੱਗਿਆ ਜਦੋਂ ਤੱਕ ਠੱਗੀ ਮਾਰਨ ਵਾਲੇ ਨੋ ਦੋ ਗਿਆਰਾਂ ਹੋ ਗਏ।
ਬਾਬਾ ਫ਼ਰੀਦ ਨਰਸਿੰਗ ਕਾਲਜ ਦੇ ਐੱਮ.ਡੀ. ਡਾ. ਮਨਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਬਿਹਾਰ ਦੇ ਰਹਿਣ ਵਾਲੇ ਭਗਤ ਸਿੰਘ ਅਤੇ ਅਨਵਰ ਮਸੀਹ ਨਾਮ ਦੋ ਵਿਅਕਤੀ ਉਨ੍ਹਾਂ ਕੋਲ ਆਏ ਤੇ ਕਾਲਜ 'ਚ ਬੀ.ਐੱਸ.ਸੀ. ਨਰਸਿੰਗ ਦੇ ਕੋਰਸ 'ਚ ਲਗਭਗ 55 ਬੱਚਿਆਂ ਦਾ ਦਾਖਲਾ ਕਰਵਾਉਣ ਦੀ ਪੇਸ਼ਕਸ਼ ਕੀਤੀ ਤੇ ਪ੍ਰਤੀ ਸੀਟ ਬਦਲੇ ਦਸ ਹਜ਼ਾਰ ਰੁਪਏ ਕਮਿਸ਼ਨ ਦੀ ਮੰਗ ਕੀਤੀ। ਅਜਿਹੇ 'ਚ ਕਾਲਜ 'ਚ ਸੀਟਾਂ ਖਾਲੀ ਹੋਣ ਕਾਰਨ ਕਾਲਜ ਵਲੋਂ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਬੱਚਿਆਂ ਦਾ ਕਾਲਜ 'ਚ ਦਾਖਲਾ ਕਰਵਾ ਦਿੱਤਾ ਗਿਆ ਤੇ ਉਨ੍ਹਾਂ ਨੂੰ ਨਿਰਧਾਰਤ ਕਮਿਸ਼ਨ ਦੀ ਰਕਮ ਦੇ ਲਗਭਗ 6 ਲੱਖ ਰੁਪਏ ਦੇ ਦਿੱਤੀ ਪਰ ਉਨ੍ਹਾਂ ਨੂੰ ਦੋ ਦਿਨ ਬਾਅਦ ਉਸ ਵਕਤ ਝਟਕਾ ਲੱਗਿਆ ਜਦੋਂ ਠੱਗਾਂ ਵਲੋਂ ਦਿੱਤੇ ਡਰਾਫਟ ਜਾਅਲੀ ਨਿਕਲੇ ਤੇ ਓਦੋਂ ਤੱਕ ਠੱਗ ਉਨ੍ਹਾਂ ਕੋਲੋਂ ਤਕਰੀਬਨ 6 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਤੇ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਕੋਟਕਪੁਰਾ ਦੇ ਡੀ.ਐਸ.ਪੀ. ਬਲਕਾਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਵਲੋਂ ਤਕਨੀਕੀ ਸੈੱਲ ਦੀ ਸਹਾਇਤਾ ਨਾਲ
ਮੁਲਜ਼ਮਾਂ ਤੱਕ ਪਹੁੰਚ ਕੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ।