ਤਲਵਾੜਾ ਮੈਡੀਕਲ ਕਾਲਜ ਮੁੱਦਾ:  ਆਪ ਸਰਕਾਰ ਆਪਣੇ ਹਿੱਸੇ ਦੀਆਂ 46 ਅਸਾਮੀਆਂ ਤਾਂ ਭਰੇ-ਸ਼ਿਵਮ ਸ਼ਰਮਾ

Saturday, Feb 14, 2026 - 07:51 PM (IST)

ਤਲਵਾੜਾ ਮੈਡੀਕਲ ਕਾਲਜ ਮੁੱਦਾ:  ਆਪ ਸਰਕਾਰ ਆਪਣੇ ਹਿੱਸੇ ਦੀਆਂ 46 ਅਸਾਮੀਆਂ ਤਾਂ ਭਰੇ-ਸ਼ਿਵਮ ਸ਼ਰਮਾ

ਵੈੱਬ ਡੈਸਕ : ਬੀ.ਬੀ.ਐਮ.ਬੀ. (BBMB) ਹਸਪਤਾਲ ਤਲਵਾੜਾ ਨੂੰ ਮੈਡੀਕਲ ਕਾਲਜ ਜਾਂ ਪੀ.ਜੀ.ਆਈ. ਸੈਟੇਲਾਈਟ ਸੈਂਟਰ ਬਣਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਭਾਜਪਾ ਆਗੂ ਸ਼ਿਵਮ ਸ਼ਰਮਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਹਾਲ ਹੀ ਵਿੱਚ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਸੰਸਦ ਵਿੱਚ ਇਸ ਮੁੱਦੇ ਨੂੰ ਉਠਾਉਣ ਤੋਂ ਬਾਅਦ ਸ਼ਿਵਮ ਸ਼ਰਮਾ ਨੇ ਇਕ ਵੀਡੀਓ ਜਾਰੀ ਕਰ ਕੇ ਪੰਜਾਬ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਯਾਦ ਦਿਵਾਈਆਂ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਕਸਬੇ ਵਿੱਚ ਪੀ.ਜੀ.ਆਈ. (PGI) ਸੈਟੇਲਾਈਟ ਸੈਂਟਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਚੱਲ ਰਹੇ ਬਜਟ ਸੈਸ਼ਨ ਦੌਰਾਨ ਹੋਈ, ਜਿਸ ਵਿੱਚ ਹਰਭਜਨ ਸਿੰਘ ਨੇ ਇਲਾਕੇ ਦੀਆਂ ਸਿਹਤ ਸਹੂਲਤਾਂ ਦੀ ਘਾਟ ਦਾ ਮੁੱਦਾ ਚੁੱਕਿਆ ਸੀ। ਇਸ ਤੋਂ ਬਾਅਦ ਸ਼ਿਵਮ ਸ਼ਰਮਾ ਨੇ ਦੱਸਿਆ ਕਿ ਉਹ ਸਾਲ 2015 ਤੋਂ ਲਗਾਤਾਰ ਪੱਤਰ ਵਿਹਾਰ ਕਰ ਰਹੇ ਹਨ ਅਤੇ 2019 ਵਿੱਚ ਉਨ੍ਹਾਂ ਨੇ 135 ਦਿਨਾਂ ਤੱਕ ਦਿਨ-ਰਾਤ ਭੁੱਖ ਹੜਤਾਲ ਵੀ ਕੀਤੀ ਸੀ। ਇਸ ਸੰਘਰਸ਼ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਸਨ ਕਿ ਇੱਕ ਸਾਲ ਦੇ ਅੰਦਰ ਮੈਡੀਕਲ ਕਾਲਜ ਦਾ ਸੈਸ਼ਨ ਸ਼ੁਰੂ ਕੀਤਾ ਜਾਵੇ ਅਤੇ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ।

ਇਸ ਸਬੰਧੀ ਸ਼ਿਵਮ ਸ਼ਰਮਾ ਨੇ ਖਾਸ ਤੌਰ 'ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਬੀ.ਬੀ.ਐਮ.ਬੀ. ਹਸਪਤਾਲ ਤਲਵਾੜਾ ਵਿੱਚ 46 ਪੈਰਾ-ਮੈਡੀਕਲ ਸਟਾਫ ਦੀਆਂ ਅਸਾਮੀਆਂ ਪੰਜਾਬ ਦੇ ਹਿੱਸੇ ਵਿੱਚ ਆਉਂਦੀਆਂ ਹਨ, ਜੋ ਕਿ ਹਾਲੇ ਤੱਕ ਖਾਲੀ ਪਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਹਿੱਸੇ ਦਾ ਇਹ ਸਟਾਫ ਤੁਰੰਤ ਭੇਜੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸੀ.ਐਚ.ਸੀ. (CHC), ਪੀ.ਐਚ.ਸੀ. (PHC) ਅਤੇ ਸਿਵਲ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮਾਹਿਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਅਦਾਲਤ ਵਿੱਚ 'ਕੋਰਟ ਆਫ ਕੰਟੈਂਪਟ' (ਅਦਾਲਤ ਦੀ ਮਾਣਹਾਨੀ) ਦਾ ਕੇਸ ਚੱਲਦੇ ਹੋਏ ਸਵਾ ਤਿੰਨ ਸਾਲ ਬੀਤ ਚੁੱਕੇ ਹਨ, ਪਰ ਫਿਰ ਵੀ ਸਰਕਾਰਾਂ ਨੇ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ।

ਭਾਰਤ ਸਰਕਾਰ ਨੇ ਮੈਡੀਕਲ ਕਾਲਜ ਲਈ ਆਪਣੇ 60% ਹਿੱਸੇ ਦੀ ਪਹਿਲੀ ਕਿਸ਼ਤ ਵਜੋਂ 50 ਕਰੋੜ ਰੁਪਏ ਜੁਲਾਈ 2023 ਵਿੱਚ ਜਾਰੀ ਕਰ ਦਿੱਤੇ ਸਨ। ਸ਼ਿਵਮ ਸ਼ਰਮਾ ਨੇ ਹੈਰਾਨੀ ਜਤਾਈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਟੈਂਡਰ ਅਲਾਟ ਨਹੀਂ ਹੋ ਸਕਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹਸਪਤਾਲ ਵਿੱਚ ਬਲੱਡ ਬੈਂਕ ਅਤੇ ਆਈ.ਸੀ.ਯੂ. (ICU) ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News