'ਲਿਵ ਇਨ ਰਿਲੇਸ਼ਨ 'ਚ ਰਹਿਣ ਮਗਰੋਂ, ਹੁਣ ਕਹਿੰਦਾ ਕੋਈ ਮੁੰਡਾ ਵੇਖ ਕੇ ਤੂੰ ਕਰਵਾ ਲੈ ਵਿਆਹ'
Tuesday, Mar 17, 2020 - 11:25 AM (IST)
ਅੰਮ੍ਰਿਤਸਰ (ਸੂਰੀ,ਛੀਨਾ): ਵੇਰਕਾ ਵਾਸੀ ਪੀੜਤਾ ਨੇ ਆਪਣੇ ਰਿਸ਼ਤੇਦਾਰਾਂ, ਇਲਾਕੇ ਦੇ ਮੋਹਤਬਰਾਂ, ਜੀਜਾ ਹਰਜੀਤ ਸਿੰਘ ਅਤੇ ਭਾਰਤੀ ਵਾਲਮੀਕਿ ਆਦਿਧਰਮ ਸਮਾਜ ਦੇ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਸਮੇਤ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਮਿਲ ਕੇ ਆਪਣੀ ਹੱਡਬੀਤੀ ਦੱਸੀ। ਮੁਲਜ਼ਮ ਕੁਲਵਿੰਦਰ ਸਿੰਘ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਉਪਰੰਤ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਲਵਿੰਦਰ ਸਿੰਘ ਮੇਰੇ ਨਾਲ ਲੰਮੇ ਸਮੇਂ ਤੋਂ ਲਿਵ ਇਨ ਰਿਲੇਸ਼ਨ 'ਚ ਰਹਿ ਰਿਹਾ ਸੀ। ਮੈਨੂੰ ਵੱਖ-ਵੱਖ ਜਗ੍ਹਾ 'ਤੇ ਲਿਜਾ ਕੇ ਸਰੀਰਕ ਸ਼ੋਸ਼ਣ ਕਰਦਾ ਰਿਹਾ। ਇਸ ਨੇ ਮੇਰੇ ਨਾਲ ਪੰਡਿਤ ਬੁਲਾ ਕੇ ਵਿਆਹ ਵੀ ਕਰਵਾਇਆ ਹੈ ਪਰ ਹੁਣ ਜਦੋਂ ਮੈ ਹਮੇਸ਼ਾ ਲਈ ਆਪਣੇ ਕੋਲ ਰੱਖਣ ਲਈ ਕਹਿ ਰਹੀ ਤਾਂ ਇਹ ਕਹਿੰਦਾ ਹੈ ਕਿ ਕੋਈ ਮੁੰਡਾ ਵੇਖ ਕੇ ਤੂੰ ਵਿਆਹ ਕਰਵਾ ਲੈ, ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ। ਮੈਂ ਲੰਮੇ ਸਮੇਂ ਤੋਂ ਪੁਲਸ ਦੇ ਵੱਖ-ਵੱਖ ਅਫਸਰਾਂ ਨੂੰ ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੀ ਹਾਂ ਪਰ ਪੁਲਸ ਅਜੇ ਤੱਕ ਦੋਸ਼ੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀ ਹੈ। ਭਾਰਤੀ ਵਾਲਮੀਕਿ ਆਦਿਧਰਮ ਸਮਾਜ ਦੇ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਨੇ ਕਿਹਾ ਕਿ ਜੇਕਰ ਇਸ ਲੜਕੀ ਨੂੰ ਇਨਸਾਫ ਨਾ ਮਿਲਿਆ ਤਾਂ ਵਾਲਮੀਕਿ ਆਦਿਧਰਮ ਸਮਾਜ ਸੜਕਾਂ 'ਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗਾ।
ਇਹ ਵੀ ਪੜ੍ਹੋ: ਹੁਣ ਕਾਸ਼ਤਕਾਰ ਵੀ ਲੈ ਸਕਣਗੇ 'ਪਾਣੀ ਬਚਾਓ, ਪੈਸੇ ਕਮਾਓ' ਸਕੀਮ ਦਾ ਲਾਭ
ਪੈਸੇ ਨਾ ਮੋੜਨ ਦੀ ਨੀਅਤ ਨਾਲ ਮੇਰੇ 'ਤੇ ਲਾਏ ਜਾ ਰਹੇ ਨੇ ਝੂਠੇ ਦੋਸ਼ : ਕੁਲਵਿੰਦਰਜੀਤ
ਵੇਰਕਾ ਨਿਵਾਸੀ ਲੜਕੀ, ਉਸ ਦਾ ਜੀਜਾ ਤੇ ਪਰਿਵਾਰਕ ਮੈਂਬਰ ਮੇਰੇ ਦਿੱਤੇ ਹੋਏ ਪੈਸੇ ਨਾ ਮੋੜਨ ਦੀ ਨੀਅਤ ਨਾਲ ਹੀ ਮੇਰੇ 'ਤੇ ਸਾਰੇ ਝੂਠੇ ਦੋਸ਼ ਲਾ ਰਹੇ ਹਨ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਸਾਰੀ ਸੱਚਾਈ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ। ਇਹ ਵਿਚਾਰ ਕੁਲਵਿੰਦਰਜੀਤ ਸਿੰਘ ਵਾਸੀ ਚੌਕ ਬਾਬਾ ਸਾਹਿਬ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਵੇਰਕਾ ਨਿਵਾਸੀ ਉਕਤ ਲੜਕੀ ਦਾ ਜੀਜਾ ਹਰਜੀਤ ਸਿੰਘ ਮੇਰਾ ਵਾਕਫ ਸੀ, ਜਿਸ ਨੇ ਸੰਨ 2014 'ਚ ਮੇਰੇ ਕੋਲੋਂ ਕੁਝ ਉਧਾਰ ਪੈਸਿਆਂ ਦੀ ਮੰਗ ਕੀਤੀ। ਮੈਂ ਆਪਣੇ ਇਕ ਦੋਸਤ ਹਰਕੰਵਲ ਸਿੰਘ ਕੋਲੋਂ 1 ਲੱਖ 80 ਹਜ਼ਾਰ ਰੁਪਏ ਉਧਾਰ ਲੈ ਦਿੱਤੇ। ਕੁਲਵਿੰਦਰਜੀਤ ਨੇ ਕਿਹਾ ਕਿ ਹਰਜੀਤ ਮਿੱਥੇ ਸਮੇਂ 'ਤੇ ਉਧਾਰ ਲਏ ਪੈਸੇ ਨਾ ਮੋੜ ਸਕਿਆ। ਉਨ੍ਹਾਂ ਕਿਹਾ ਕਿ ਉਕਤ ਵੇਰਕਾ ਨਿਵਾਸੀ ਲੜਕੀ ਦੇ ਪਰਿਵਾਰ ਨਾਲ ਮੇਰੀ ਚੰਗੀ ਪਛਾਣ ਸੀ। ਉਨ੍ਹਾਂ ਨੇ ਵੀ ਮੇਰੇ ਕੋਲੋਂ 2016 'ਚ 5 ਲੱਖ ਰੁਪਏ ਲਏ। ਵੇਰਕਾ ਨਿਵਾਸੀ ਮਾਂ-ਧੀ ਨੇ ਸਿਰਫ 65 ਹਜ਼ਾਰ ਰੁਪਏ ਮੈਨੂੰ ਨਕਦ ਮੋੜੇ ਅਤੇ ਬਾਕੀ ਰਕਮ ਦੇ ਅਗਸਤ 2019 'ਚ 2 ਚੈੱਕ 25 ਮਾਰਚ 2020 ਤਰੀਕ ਪਾ ਕੇ ਦੇ ਦਿੱਤੇ ਜਿਹੜੇ ਕਿ ਇਸ ਮਹੀਨੇ ਕੈਸ਼ ਹੋਣੇ ਹਨ। ਕੁਲਵਿੰਦਰਜੀਤ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਵੇਰਕਾ ਨਿਵਾਸੀ ਪਰਿਵਾਰ ਤੇ ਉਨ੍ਹਾਂ ਦਾ ਜੀਜਾ ਹੁਣ ਮੇਰੇ ਪੈਸੇ ਨਾ ਮੋੜਨ ਲਈ ਮੇਰੇ ਖਿਲਾਫ ਘਿਨੌਣੀਆਂ ਸਾਜ਼ਿਸ਼ਾਂ ਰਚ ਰਹੇ ਹਨ, ਜਦਕਿ ਮੈਂ ਨਾ ਕਦੇ ਉਕਤ ਲੜਕੀ ਨਾਲ ਵਿਆਹ ਰਚਾਇਆ ਤੇ ਨਾ ਹੀ ਕਦੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਕੁਲਵਿੰਦਰਜੀਤ ਨੇ ਕਿਹਾ ਕਿ ਉਕਤ ਵੇਰਕਾ ਨਿਵਾਸੀ ਲੜਕੀ ਵਿਆਹੀ ਹੋਈ ਹੈ, ਜਿਸ ਦੇ ਸਾਰੇ ਸਬੂਤ ਮੈਂ ਪੁਲਸ ਨੂੰ ਵੀ ਦੇ ਚੁੱਕਾ ਹਾਂ।