ਮੋਗਾ ''ਚ ਗੈਂਗਵਾਰ ! ਬੁਰੀ ਤਰ੍ਹਾਂ ਵੱਢ ਸੁੱਟਿਆ ਮੁੰਡਾ

Tuesday, Mar 03, 2026 - 01:54 PM (IST)

ਮੋਗਾ ''ਚ ਗੈਂਗਵਾਰ ! ਬੁਰੀ ਤਰ੍ਹਾਂ ਵੱਢ ਸੁੱਟਿਆ ਮੁੰਡਾ

ਮੋਗਾ (ਆਜ਼ਾਦ, ਗੋਪੀ ਰਾਊਕੇ) : ਪੁਰਾਣੀ ਦਾਣਾ ਮੰਡੀ ਮੋਗਾ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੁਪਹਿਰ ਸਮੇਂ ਹਥਿਆਰਬੰਦ ਲੜਕਿਆਂ ਵੱਲੋਂ ਹਮਲਾ ਕਰਕੇ ਜਸਵੀਰ ਸਿੰਘ ਨਿਵਾਸੀ ਪਿੰਡ ਗੋਧੇਵਾਲਾ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਇਸ ਮੌਕੇ ਹਵਾਈ ਫਾਇਰ ਵੀ ਹੋਏ ਹਨ ਪਰ ਪੁਲਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਜ਼ਖਮੀ ਜਸਵੀਰ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਨੇ ਕਿਹਾ ਕਿ ਉਹ ਸਬਜ਼ੀ ਮੰਡੀ ਆਇਆ ਸੀ। ਇਸੇ ਦੌਰਾਨ ਝਤਰੇ ਨਿਵਾਸੀ ਇਕ ਲੜਕੇ ਨੇ ਆਪਣੇ ਹਥਿਆਰਬੰਦ ਸਾਥੀਆਂ ਨਾਲ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਜਿਸ ’ਤੇ ਹਮਲਾ ਵਰ ਉਥੋਂ ਫਰਾਰ ਹੋ ਗਏ।

ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ, ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜੀਤ ਸਿੰਘ ਪੁਲਸ ਪਾਰਟੀ ਸਮੇਤ ਤੁਰੰਤ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ ਪਾਸ ਦਾ ਨਿਰੀਖਣ ਕੀਤਾ ਅਤੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ। ਜਦੋਂ ਇਸ ਸਬੰਧ ਵਿਚ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਕਿ ਲੋਕਾਂ ਨੇ ਦੱਸਿਆ ਕਿ ਹਵਾਈ ਫਾਇਰ ਵੀ ਹੋਏ ਹਨ ਤਾਂ ਉਨ੍ਹਾਂ ਆਖਿਆ ਕਿ ਸਾਨੂੰ ਇਸ ਦੀ ਜਾਣਕਾਰੀ ਨਹੀਂ ਮਿਲੀ ਪਰ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀ ਜਸਵੀਰ ਸਿੰਘ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਸ ਹਮਲਾਵਰਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕਰ ਰਹੀ ਹੈ।


author

Gurminder Singh

Content Editor

Related News