ਪੰਜਾਬ 'ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ, ਗੰਭੀਰ ਬਣਦੇ ਜਾ ਰਹੇ ਹਾਲਾਤ

Thursday, Mar 12, 2026 - 10:22 AM (IST)

ਪੰਜਾਬ 'ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ, ਗੰਭੀਰ ਬਣਦੇ ਜਾ ਰਹੇ ਹਾਲਾਤ

ਜ਼ੀਰਕਪੁਰ (ਅਵਤਾਰ ਧੀਮਾਨ) : ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਹੁਣ ਘਰੇਲੂ ਰਸੋਈ ਗੈਸ ਨੂੰ ਲੈ ਕੇ ਵੀ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ। ਨਵੀਂ ਬੁਕਿੰਗ ਵੀ ਨਹੀਂ ਹੋ ਰਹੀ ਕਿਉਂਕਿ ਜਿਸ ਨੰਬਰ ’ਤੇ ਕਾਲ ਕਰ ਕੇ ਬੁਕਿੰਗ ਹੁੰਦੀ ਹੈ, ਉਹ ਲੱਗ ਨਹੀਂ ਰਿਹਾ ਅਤੇ ਜਿਨ੍ਹਾਂ ਦੀ ਬੁਕਿੰਗ ਹੋ ਚੁੱਕੀ ਹੈ, ਉਨ੍ਹਾਂ ਨੂੰ ਵੀ ਸਿਲੰਡਰ ਹਾਲੇ ਨਹੀਂ ਮਿਲ ਰਹੇ। ਜੰਗੀ ਹਾਲਾਤਾਂ ਕਾਰਨ ਪੈਦਾ ਹੋਈ ਗੈਸ ਸਪਲਾਈ ਦੀ ਅਨਿਸ਼ਚਿਤਤਾ ਨੇ ਲੋਕਾਂ ’ਚ ਚਿੰਤਾ ਵਧਾ ਦਿੱਤੀ ਹੈ ਅਤੇ ਲੋਕ ਪਹਿਲਾਂ ਹੀ ਆਪਣੇ ਸਿਲੰਡਰ ਬੁੱਕ ਕਰਵਾਉਣ ਲਈ ਭੱਜਦੌੜ ਕਰ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਜ਼ੀਰਕਪੁਰ ਦੀਆਂ ਤਿੰਨ ਗੈਸ ਏਜੰਸੀਆਂ ’ਚ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ 7 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਤਿੰਨ ਦਿਨਾਂ ਤੋਂ ਵਪਾਰਕ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ’ਚ ਘਰੇਲੂ ਗੈਸ ਨੂੰ ਲੈ ਕੇ ਵੀ ਘਬਰਾਹਟ ਦਾ ਮਾਹੌਲ ਬਣ ਗਿਆ ਹੈ। ਇਸ ਕਾਰਨ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਸਿਲੰਡਰ ਪਹਿਲਾਂ ਹੀ ਬੁੱਕ ਕਰਵਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹਿਰ ’ਚ ਚੱਲ ਰਹੀਆਂ ਤਿੰਨ ਮੁੱਖ ਗੈਸ ਏਜੰਸੀਆਂ ਜ਼ੀਰਕਪੁਰ ਇੰਡੇਨ ਗੈਸ, ਮਿਲਖੀ ਗੈਸ ਏਜੰਸੀ ਤੇ ਆਯੂਸ਼ ਗੈਸ ਏਜੰਸੀ ਕੋਲ ਬੁਕਿੰਗਾਂ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ। ਗੈਸ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਰਸੋਈ ਗੈਸ ਦੀ ਸੰਭਾਵਿਤ ਕਿੱਲਤ ਦੀ ਖ਼ਬਰ ਫੈਲਣ ਤੋਂ ਬਾਅਦ ਲੋਕਾਂ ਨੇ ਵੱਡੀ ਗਿਣਤੀ ’ਚ ਸਿਲੰਡਰ ਬੁੱਕ ਕਰਵਾਉਣ ਲਈ ਦੌੜਾਂ ਲਾ ਦਿੱਤੀਆਂ ਹਨ। ਹਾਲਾਤ ਇਹ ਹਨ ਕਿ ਗੈਸ ਬੁਕਿੰਗ ਲਈ ਵਰਤੇ ਜਾਣ ਵਾਲੇ ਆਨਲਾਈਨ ਸਰਵਰ ਸਵੇਰੇ ਕਰੀਬ 10 ਵਜੇ ਤੱਕ ਹੀ ਓਵਰਲੋਡ ਹੋ ਜਾਂਦੇ ਹਨ, ਜਿਸ ਕਾਰਨ ਬਾਅਦ ’ਚ ਲੋਕਾਂ ਨੂੰ ਬੁਕਿੰਗ ਕਰਵਾਉਣ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕਾਂ ਨੂੰ ਬੁਕਿੰਗ ਕਰਵਾਉਣ ਲਈ ਵਾਰ ਵਾਰ ਕੋਸ਼ਿਸ਼ ਕਰਨੀ ਪੈ ਰਹੀ ਹੈ ਅਤੇ ਕਈ ਲੋਕ ਤਾਂ ਸਿਫ਼ਾਰਸ਼ਾਂ ਦੀ ਭਾਲ ਵੀ ਕਰਦੇ ਨਜ਼ਰ ਆ ਰਹੇ ਹਨ। ਜ਼ੀਰਕਪੁਰ ਇੰਡੇਨ ਗੈਸ ਦੇ ਜਨਰਲ ਮੈਨੇਜਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਗੈਸ ਬੁਕਿੰਗ ਲਈ ਜਾਰੀ ਕੀਤਾ ਗਿਆ ਨੰਬਰ 8454955555 ਵੀ ਬਹੁਤ ਜ਼ਿਆਦਾ ਕਾਲਾਂ ਆਉਣ ਕਾਰਨ ਓਵਰਲੋਡ ਹੋ ਜਾਂਦਾ ਹੈ। ਇਸ ਕਾਰਨ ਕਈ ਵਾਰ ਇਹ ਨੰਬਰ ਵੀ ਮਿਲਣਾ ਬੰਦ ਹੋ ਜਾਂਦਾ ਹੈ। ਲੋਕਾਂ ’ਚ ਘਬਰਾਹਟ ਕਾਰਨ ਇੱਕੋ ਸਮੇਂ ਵੱਡੀ ਗਿਣਤੀ ’ਚ ਬੁਕਿੰਗਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਘਰੇਲੂ ਗੈਸ ਦੀ ਸਪਲਾਈ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਾਲਾਂਕਿ ਮੌਜੂਦਾ ਹਾਲਾਤ ’ਚ ਜਿੰਨੀ ਤੇਜ਼ੀ ਨਾਲ ਲੋਕ ਸਿਲੰਡਰ ਬੁੱਕ ਕਰਵਾ ਰਹੇ ਹਨ, ਉਸ ਹਿਸਾਬ ਨਾਲ ਇਕ ਸਿਲੰਡਰ ਦੀ ਡਿਲੀਵਰੀ ਕਰਨ ’ਚ ਕਰੀਬ 8 ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਗੈਸ ਏਜੰਸੀਆਂ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਲੋੜ ਮੁਤਾਬਕ ਹੀ ਸਿਲੰਡਰ ਬੁੱਕ ਕਰਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 3.34 ਲੱਖ ਪਰਿਵਾਰਾਂ ਲਈ ਰਾਹਤ ਭਰੀ ਖ਼ਬਰ! ਬਾਕੀ ਰਹਿੰਦੇ ਪਰਿਵਾਰ ਵੀ 31 ਮਾਰਚ ਤੋਂ ਪਹਿਲਾਂ...

ਗੈਸ ਦੀ ਕਿੱਲਤ ਕਾਰਨ ਹੋਟਲਾਂ ‘ਚ ਛੋਟੀਆਂ ਪਾਰਟੀਆਂ ਦੀ ਬੁਕਿੰਗ ਬੰਦ

ਹੋਟਲਾਂ ’ਚ ਛੋਟੀਆਂ ਪਾਰਟੀਆਂ ਦੀ ਬੁਕਿੰਗ ਵੀ ਗੈਸ ਦੀ ਕਿੱਲਤ ਕਾਰਨ ਪ੍ਰਭਾਵਿਤ ਹੋਣ ਲੱਗੀ ਹੈ। ਕਈ ਹੋਟਲਾਂ ਨੇ ਹਾਲਾਤਾਂ ਨੂੰ ਦੇਖਦਿਆਂ ਛੋਟੇ ਸਮਾਗਮਾਂ ਅਤੇ ਪਾਰਟੀਆਂ ਦੀ ਬੁਕਿੰਗ ਅਸਥਾਈ ਤੌਰ ’ਤੇ ਰੋਕ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਸਥਿਤ ਹੋਟਲ ਰੇਡਿਸਨ ਦੇ ਐੱਮ. ਡੀ. ਮੁਨੀਸ਼ ਅਗਰਵਾਲ ਨੇ ਦੱਸਿਆ ਕਿ ਰਸੋਈ ਗੈਸ ਦੀ ਘਾਟ ਨੇ ਹੋਟਲ ਇੰਡਸਟਰੀ ਨੂੰ ਵੀ ਗੰਭੀਰ ਪ੍ਰਭਾਵਿਤ ਕੀਤਾ ਹੈ। ਗੈਸ ਦੀ ਕਮੀ ਕਾਰਨ ਹੋਟਲ ਪ੍ਰਬੰਧਨ ਨੂੰ ਆਪਣੇ ਮੈਨਿਊ ’ਚ ਵੀ ਤਬਦੀਲੀਆਂ ਕਰਨੀਆਂ ਪਈਆਂ ਹਨ। ਜਿਹੜੇ ਪਕਵਾਨ ਬਣਾਉਣ ਲਈ ਵੱਧ ਗੈਸ ਦੀ ਲੋੜ ਪੈਂਦੀ ਹੈ, ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੈਨਿਊ ’ਚੋਂ ਹਟਾ ਦਿੱਤਾ ਗਿਆ ਹੈ। ਇਸ ਦੀ ਥਾਂ ਭਾਫ਼ ਤੰਦੂਰ ’ਤੇ ਬਣਨ ਵਾਲੇ ਖਾਣਿਆਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਗੈਸ ਦੀ ਕਿੱਲਤ ਕਾਰਨ ਹੋਟਲ ਵੱਲੋਂ ਡੀਜ਼ਲ ਦੀਆਂ ਭੱਠੀਆਂ ਵੀ ਮੰਗਵਾਈਆਂ ਗਈਆਂ ਸਨ ਪਰ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਲੰਬੇ ਸਮੇਂ ਲਈ ਚਲਾਉਣਾ ਸੰਭਵ ਨਹੀਂ ਹੈ। ਇਸ ਤਰ੍ਹਾਂ ਦੀ ਸਥਿਤੀ ਸਿਰਫ਼ ਇਕ ਹੋਟਲ ਤੱਕ ਸੀਮਤ ਨਹੀਂ ਹੈ, ਸਗੋਂ ਸ਼ਹਿਰ ਦੇ ਬਾਕੀ ਹੋਟਲਾਂ ’ਚ ਵੀ ਗੈਸ ਦੀ ਘਾਟ ਕਾਰਨ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ। ਕਈ ਹੋਟਲ ਮੈਨੇਜਮੈਂਟਾਂ ਵੱਲੋਂ ਛੋਟੀਆਂ ਪਾਰਟੀਆਂ ਦੀ ਬੁਕਿੰਗ ਅਸਥਾਈ ਤੌਰ ’ਤੇ ਰੋਕ ਦਿੱਤੀ ਗਈ ਹੈ ਅਤੇ ਮੈਨਿਊ ’ਚ ਵੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਘੱਟ ਗੈਸ ਨਾਲ ਕੰਮ ਚਲਾਇਆ ਜਾ ਸਕੇ।

ਵਪਾਰਕ ਸਿਲੰਡਰਾਂ ਦੀ ਵਧੀ ਕਾਲਾਬਾਜ਼ਾਰੀ

ਵਪਾਰਕ ਗੈਸ ਦੀ ਕਿੱਲਤ ਹੋਣ ਤੋਂ ਬਾਅਦ ਇਨ੍ਹਾਂ ਸਿਲੰਡਰਾਂ ਦੀ ਕਾਲਾਬਾਜ਼ਾਰੀ ਵੱਧ ਗਈ ਹੈ। ਕੈਟਰਿੰਗ ਦਾ ਕੰਮ ਕਰਨ ਵਾਲੇ ਅਬਦੁੱਲਾ ਟੈਂਟ ਹਾਊਸ ਦੇ ਮਾਲਕ ਮੁਹੰਮਦ ਸਲੀਮ, ਧੀਮਾਨ ਟੈਂਟ ਹਾਊਸ ਦੇ ਮਾਲਕ ਮਨੀਸ਼ ਕੁਮਾਰ ਚਾਰਟ-ਓ-ਚਾਟ ਦੇ ਸੰਚਾਲਕ ਮਾਂਸ਼ੂ ਗਰੋਵਰ ਨੇ ਦੱਸਿਆ ਕਿ ਵਪਾਰਕ ਗੈਸ ਦੀ ਕਿੱਲਤ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜਾ ਸਿਲੰਡਰ ਪਹਿਲਾਂ 1900 ਰੁਪਏ ’ਚ ਮਿਲਦਾ ਸੀ, ਅੱਜ ਉਹ 3000 ’ਚ ਵੀ ਨਖਰੇ ਕਰਨ ਤੋਂ ਬਾਅਦ ਮਿਲ ਰਿਹਾ ਹੈ। ਹੋਟਲ ਜਾਂ ਟੈਂਟ ਹਾਊਸ ਤਾਂ ਆਪਣਾ ਕੰਮ ਲੱਕੜ ਜਾਂ ਡੀਜ਼ਲ ਭੱਠੀਆਂ ਨਾਲ ਚਲਾ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਚਾਟ, ਟਿੱਕੀਆਂ, ਡੋਸੇ ਅਤੇ ਹੋਰ ਸਮੱਗਰੀ ਤਿਆਰ ਕਰਨ ਲਈ ਮਹਿੰਗੇ ਭਾਅ ’ਤੇ ਸਿਲੰਡਰ ਖ਼ਰੀਦਣਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਭਾਵੇਂ ਉਨ੍ਹਾਂ ਨੂੰ ਮੰਗ ਦੇ ਹਿਸਾਬ ਨਾਲ ਘੱਟ ਸਿਲੰਡਰ ਦਿੱਤੇ ਜਾਣ ਪਰ ਉਨ੍ਹਾਂ ਨੂੰ ਕੰਟਰੋਲ ਰੇਟ ਉੱਤੇ ਸਿਲੰਡਰ ਮਿਲਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ! ਤਨਖ਼ਾਹਾਂ ਬਾਰੇ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਛੋਟੇ ਸਿਲੰਡਰ ਵੇਚਣ ਵਾਲੇ ਲੁੱਟ ਰਹੇ ਹਨ ਨਜ਼ਾਰੇ

ਬਹੁ-ਮੰਜ਼ਲੀ ਉਸਾਰੀ ਅਧੀਨ ਇਮਾਰਤਾਂ ’ਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਤਿੰਨ-ਚਾਰ ਕਿੱਲੋ ਵਾਲੇ ਸਿਲੰਡਰ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਹਨ ਪਰ ਉਨ੍ਹਾਂ ਨੂੰ ਵੀ ਛੋਟੇ ਸਿਲੰਡਰ ਵੇਚਣ ਵਾਲਿਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਲੇਬਰ ਠੇਕੇਦਾਰ ਅਨੀਲ ਸਾਹੂ ਨੇ ਦੱਸਿਆ ਕਿ ਜਿਹੜੀ ਗੈਸ ਉਨ੍ਹਾਂ ਨੂੰ ਪਹਿਲਾਂ 100 ਰੁਪਏ ਤੋਂ ਲੈ ਕੇ 125 ਰੁਪਏ ਕਿੱਲੋ ਤੱਕ ਮਿਲਦੀ ਸੀ, ਹੁਣ ਉਸ ਨੂੰ ਉਸ ਗੈਸ ਲਈ 200 ਰੁਪਏ ਕਿੱਲੋ ਤੋਂ ਵੱਧ ਵਸੂਲੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News