ਵਿਆਹੁਤਾ ਦੀ ਮੌਤ ''ਤੇ ਅਦਾਲਤ ਦਾ ਸਖਤ ਫੈਸਲਾ, ਸਜ਼ਾ ਸੁਣਦਿਆਂ ਬੇਹੋਸ਼ ਹੋਈ ਸੱਸ

01/12/2018 6:24:13 PM

ਮੋਹਾਲੀ (ਕੁਲਦੀਪ) : ਇਥੋਂ ਦੀ ਇਕ ਅਦਾਲਤ ਨੇ ਡੇਢ ਸਾਲ ਪਹਿਲਾਂ ਇਕ ਵਿਆਹੁਤਾ ਦੀ ਉਸ ਦੇ ਸਹੁਰੇ ਘਰ ਵਿਚ ਸ਼ੱਕੀ ਹਾਲਤ ਵਿਚ ਹੋਈ ਮੌਤ ਸਬੰਧੀ ਚੱਲ ਰਹੇ ਕੇਸ ਵਿਚ ਫੈਸਲਾ ਸੁਣਾਇਆ ਹੈ । ਜ਼ਿਲਾ ਤੇ ਸੈਸ਼ਨ ਜੱਜ ਅਰਚਨਾ ਪੁਰੀ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਮ੍ਰਿਤਕਾ ਦੇ ਪਤੀ ਨਵਦੀਪ ਮਲਹੋਤਰਾ, ਸਹੁਰਾ ਅਸ਼ੋਕ ਮਲਹੋਤਰਾ, ਸੱਸ ਉਰਮਿਲਾ ਮਲਹੋਤਰਾ ਤੇ ਨਣਾਨ ਮੋਨਿਕਾ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਫੇਜ਼-11 ਦੀ ਵਸਨੀਕ ਬਬੀਤਾ ਦਾ ਵਿਆਹ ਨਵਦੀਪ ਮਲਹੋਤਰਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਇਸ ਦੌਰਾਨ 17 ਜੂਨ 2016 ਨੂੰ ਬਬੀਤਾ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਸਹੁਰੇ ਪਰਿਵਾਰ ਦਾ ਕਹਿਣਾ ਸੀ ਕਿ ਬਬੀਤਾ ਨੇ ਫਾਹਾ ਲੈ ਕੇ ਆਤਮਹੱਤਿਆ ਕੀਤੀ ਹੈ, ਜਦੋਂਕਿ ਉਸ ਦੇ ਪਰਿਵਾਰ ਦਾ ਕਹਿਣਾ ਸੀ ਕਿ ਸਹੁਰਿਆਂ ਨੇ ਉਸ ਦੀ ਹੱਤਿਆ ਕੀਤੀ ਹੈ। ਪੁਲਸ ਨੇ ਇਸ ਸਬੰਧੀ ਮ੍ਰਿਤਕਾ ਦੇ ਭਰਾ ਸੁਨੀਲ ਕੁਮਾਰ ਦੇ ਬਿਆਨਾਂ 'ਤੇ ਸਿਟੀ ਪੁਲਸ ਸਟੇਸ਼ਨ ਖਰੜ ਵਿਚ 17 ਜੂਨ 2016 ਨੂੰ ਮ੍ਰਿਤਕਾ ਦੇ ਪਤੀ ਨਵਦੀਪ ਮਲਹੋਤਰਾ, ਸਹੁਰਾ ਅਸ਼ੋਕ ਮਲਹੋਤਰਾ, ਸੱਸ ਉਰਮਿਲਾ ਮਲਹੋਤਰਾ ਤੇ ਨਣਾਨ ਮੋਨਿਕਾ (ਸਾਰੇ ਨਿਵਾਸੀ ਆਦਰਸ਼ ਨਗਰ ਖਰੜ) ਖਿਲਾਫ ਕੇਸ ਦਰਜ ਕਰ ਲਿਆ ਸੀ । ਕੇਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਬਬੀਤਾ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਆਤਮਹੱਤਿਆ ਲਈ ਮਜਬੂਰ ਕੀਤਾ ਸੀ। ਸਾਰੇ ਮੁਲਜ਼ਮ ਇਸ ਸਮੇਂ ਜ਼ਮਾਨਤ 'ਤੇ ਚੱਲ ਰਹੇ ਸਨ।
ਸਜ਼ਾ ਸੁਣਦਿਆਂ ਬੇਹੋਸ਼ ਹੋਈ ਸੱਸ
PunjabKesari
ਜ਼ਿਲਾ ਤੇ ਸੈਸ਼ਨਜ ਜੱਜ ਦੀ ਅਦਾਲਤ ਵਲੋਂ ਜਿਵੇਂ ਹੀ ਮੁਲਜ਼ਮਾਂ ਨੂੰ ਸਜ਼ਾ ਸੁਣਾਉਣੀ ਸ਼ੁਰੂ ਕੀਤੀ ਗਈ ਤਾਂ 7 ਸਾਲ ਦੀ ਕੈਦ ਸੁਣ ਕੇ ਅਚਾਨਕ ਮ੍ਰਿਤਕਾ ਦੀ ਸੱਸ ਉਰਮਿਲਾ ਮਲਹੋਤਰਾ ਬੇਹੋਸ਼ ਹੋ ਕੇ ਡਿੱਗ ਪਈ। ਜੱਜ ਦੇ ਕਹਿਣ 'ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫੇਜ਼-6 ਵਿਚ ਭੇਜਿਆ ਗਿਆ। ਹਸਪਤਾਲ ਵਿਚ ਉਸ ਦਾ ਚੈੱਕਅਪ ਕਰਨ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿਚ ਅਦਾਲਤ ਲਿਜਾਇਆ ਗਿਆ । ਬਾਅਦ ਵਿਚ ਅਦਾਲਤ ਨੇ ਡਾਕਟਰਾਂ ਦੀ ਹਾਜ਼ਰੀ ਵਿਚ ਉਰਮਿਲਾ ਮਲਹੋਤਰਾ ਨੂੰ ਸਜ਼ਾ ਸੁਣਾਈ ਤੇ ਸਾਰੇ ਮੁਲਜ਼ਮਾਂ ਨੂੰ ਨਾਭਾ ਜੇਲ ਭੇਜ ਦਿੱਤਾ ਗਿਆ ।


Related News