ਵਿਆਹ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਬੋਲ ਦਿੱਤਾ ਧਾਵਾ

Wednesday, Feb 05, 2020 - 02:54 PM (IST)

ਬਟਾਲਾ (ਬੇਰੀ) : ਪਿੰਡ ਟੋਡਰ ਮੱਲ 'ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਵਾਸੀ ਪਿੰਡ ਟੋਡਰਮਲ ਦੀ ਪਤਨੀ ਨੇ ਦੱਸਿਆ ਕਿ ਉਹ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ 31 ਜਨਵਰੀ ਨੂੰ ਪਿੰਡੋਂ ਗਏ ਸਨ ਅਤੇ ਬੀਤੀ ਰਾਤ ਜਦੋਂ ਘਰ ਆਏ ਅਤੇ ਮੇਨ ਗੇਟ ਦਾ ਤਾਲਾ ਖੋਲਿਆ ਤਾਂ ਦੇਖਿਆ ਕਿ ਕਮਰਿਆਂ ਵਿਚ ਲੱਗੇ ਤਾਲੇ ਖੁੱਲੇ ਹੋਏ ਸਨ। 

ਉਕਤ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਦੂਸਰੇ ਕਮਰਿਆਂ ਵਿਚ ਗਏ ਤਾਂ ਦੇਖਿਆ ਕਿ ਕਮਰੇ ਵਿਚ ਰੱਖੀ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ ਗਾਇਬ ਸਨ, ਐੱਲ.ਸੀ.ਡੀ. ਵੀ ਚੋਰੀ ਹੋ ਚੁੱਕੀ ਸੀ ਅਤੇ ਕਪੜੇ ਵਗੈਰਾ ਖਿਲਰੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ। ਔਰਤ ਅਨੁਸਾਰ ਉਸਦਾ ਕਰੀਬ ਸਾਢੇ ਤਿੰਨ ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਥਾਣਾ ਸੇਖਵਾਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਹੋਰ ਜਾਣਕਾਰੀ ਦੇ ਅਨੁਸਾਰ ਉਕਤ ਮਾਮਲੇ ਸੰਬੰਧੀ ਥਾਣਾ ਸੇਖਵਾਂ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲਸ ਨੂੰ ਕੁਝ ਹੀ ਦੂਰੀ ਤੋਂ ਇਕ ਤੂੜੀ ਦੇ ਢੇਰ ਵਿਚੋਂ ਇਕ ਐੱਲ.ਸੀ.ਡੀ. ਪਈ ਹੋਈ ਮਿਲੀ ਹੈ, ਜਿਸਨੂੰ ਕਬਜ਼ੇ ਵਿਚ ਲੈਂਦੇ ਹੋਏ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News