''ਭਾਵੇਂ UAPA ਤੇ NSA ਵੀ ਲਾ ਲਈਂ, ਮੈਂ ਤਾਂ ਐਂ ਈਂ ਗੱਜੂੰ...'', ''ਪੰਜਾਬ ਬਚਾਓ ਰੈਲੀ'' ''ਚ ਮਜੀਠੀਆ ਦੇ ਧੜੱਲੇਦਾਰ ਬੋਲ

Wednesday, Feb 18, 2026 - 04:58 PM (IST)

''ਭਾਵੇਂ UAPA ਤੇ NSA ਵੀ ਲਾ ਲਈਂ, ਮੈਂ ਤਾਂ ਐਂ ਈਂ ਗੱਜੂੰ...'', ''ਪੰਜਾਬ ਬਚਾਓ ਰੈਲੀ'' ''ਚ ਮਜੀਠੀਆ ਦੇ ਧੜੱਲੇਦਾਰ ਬੋਲ

ਤਰਨਤਾਰਨ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਹੱਦੀ ਹਲਕੇ ਖੇਮਕਰਨ ਵਿਚ ਇਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਜ਼ੋਰਦਾਰ ਸਿਆਸੀ ਹਮਲੇ ਕੀਤੇ ਹਨ। ਉਹ ਅਕਾਲੀ ਦਲ ਵੱਲੋਂ ਕਰਵਾਈ ਗਈ 'ਪੰਜਾਬ ਬਚਾਓ ਰੈਲੀ' ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮਜੀਠੀਆ ਨੇ ਸੂਬੇ ਦੀ ਮੌਜੂਦਾ ਸਥਿਤੀ ਦੀ ਤੁਲਨਾ 'ਐਮਰਜੈਂਸੀ' ਨਾਲ ਕਰਦਿਆਂ ਕਿਹਾ ਕਿ ਅੱਜ ਸਰਕਾਰ ਵਿਰੁੱਧ ਬੋਲਣ ਵਾਲਿਆਂ 'ਤੇ ਤੁਰੰਤ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ।

ਮਜੀਠੀਆ ਨੇ ਆਪਣੇ ਉੱਪਰ ਹੋ ਰਹੇ ਕੇਸਾਂ ਬਾਰੇ ਨਿਡਰਤਾ ਦਿਖਾਉਂਦੇ ਹੋਏ ਕਿਹਾ ਕਿ ਉਹ ਪਰਚਿਆਂ ਤੋਂ ਡਰਨ ਵਾਲੇ ਨਹੀਂ। ਮਜੀਠੀਆ ਨੇ ਕਿਹਾ, "ਹੁਣ ਤਾਂ UAPA ਤੇ NSA ਹੀ ਰਹੀ ਗਈ, ਭਾਵੇਂ ਉਹ ਵੀ ਲਾ ਦੇ"। ਉਨ੍ਹਾਂ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ "ਮਜੀਠੀਆ ਤਾਂ ਐਂ ਈ ਗੱਜੂ" ਅਤੇ ਉਹ ਅਜਿਹੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਸਪਤਾਲ ਵਿਚ ਦਾਖਲ ਹੋਣ ਅਤੇ ਬਾਹਰ ਆਉਣ ਦੇ ਸਿਲਸਿਲੇ 'ਤੇ ਤੰਜ ਕਸਦਿਆਂ ਕਿਹਾ ਕਿ ਉਹ ਹਸਪਤਾਲ ਵਿੱਚੋਂ ਇਸ ਤਰ੍ਹਾਂ ਬਾਹਰ ਆਉਂਦੇ ਹਨ ਜਿਵੇਂ ਕੋਈ 'ਪਰੋਲ' 'ਤੇ ਆਇਆ ਹੋਵੇ ਅਤੇ ਵਿਰੋਧੀਆਂ ਵਿਰੁੱਧ ਬੋਲ ਕੇ ਮੁੜ ਦਾਖਲ ਹੋ ਜਾਂਦੇ ਹਨ। ਉਨ੍ਹਾਂ ਅਕਾਲੀ ਵਰਕਰ ਕੰਚਨਪ੍ਰੀਤ 'ਤੇ ਦਰਜ ਕੀਤੇ ਗਏ ਕਈ ਪਰਚਿਆਂ ਦਾ ਹਵਾਲਾ ਦਿੰਦੇ ਹੋਏ ਸਰਕਾਰ 'ਤੇ ਧੀਆਂ-ਭੈਣਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਵੀ ਲਗਾਇਆ।

ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਦਿਆਂ ਮਜੀਠੀਆ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਦੇ ਹਰ ਪਿੰਡ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਲੋਕਾਂ ਨੂੰ ਫਿਰੌਤੀ ਦੀਆਂ ਫੋਨ ਕਾਲਾਂ ਆ ਰਹੀਆਂ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਡੀ.ਜੀ.ਪੀ. ਅਤੇ ਚੀਫ ਸੈਕਟਰੀ ਵਰਗੇ ਅਧਿਕਾਰੀ ਸਿਆਸੀ ਸਟੇਜਾਂ 'ਤੇ ਨਜ਼ਰ ਆ ਰਹੇ ਹਨ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਇਕ ਸਰਪੰਚ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ।

ਮਜੀਠੀਆ ਨੇ ਪੰਜਾਬ ਸਿਰ ਚੜ੍ਹੇ ਸਾਢੇ ਚਾਰ ਲੱਖ ਕਰੋੜ ਦੇ ਕਰਜ਼ੇ ਦਾ ਜ਼ਿਕਰ ਕਰਦਿਆਂ ਸੂਬੇ ਨੂੰ ਆਰਥਿਕ ਤੌਰ 'ਤੇ 'ਆਈ.ਸੀ.ਯੂ.' ਵਿਚ ਦੱਸਿਆ। ਉਨ੍ਹਾਂ ਬਾਦਲ ਸਰਕਾਰ ਦੇ ਸਮੇਂ ਦੀ ਤੁਲਨਾ ਕਰਦਿਆਂ ਕਿਹਾ ਕਿ ਉਸ ਵੇਲੇ ਮੁਲਾਜ਼ਮਾਂ ਨੂੰ ਸਮੇਂ ਸਿਰ ਡੀਏ (DA) ਅਤੇ ਪੇ-ਕਮਿਸ਼ਨ ਦਾ ਲਾਭ ਮਿਲਦਾ ਸੀ, ਜਦਕਿ ਮੌਜੂਦਾ ਸਰਕਾਰ ਸਿਰਫ ਵੱਡੇ ਅਫਸਰਾਂ ਨੂੰ ਹੀ ਲਾਭ ਦੇ ਰਹੀ ਹੈ ਅਤੇ ਹੇਠਲੇ ਪੱਧਰ ਦੇ ਮੁਲਾਜ਼ਮ 16% ਡੀਏ ਦੇ ਘਾਟੇ ਨਾਲ ਜੂਝ ਰਹੇ ਹਨ। ਉਨ੍ਹਾਂ ਸਰਹੱਦੀ ਇਲਾਕਿਆਂ ਵਿਚ ਨਵੇਂ ਸਕੂਲ ਜਾਂ ਹਸਪਤਾਲ ਖੋਲ੍ਹਣ ਦੀ ਬਜਾਏ 2500 ਨਵੇਂ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਸਰਕਾਰ ਦੀ ਨਿੰਦਾ ਕੀਤੀ।

ਰੈਲੀ ਦੌਰਾਨ ਮਜੀਠੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ਵਿਚ 'ਝਾੜੂ' ਨੂੰ ਤੀਲਾ-ਤੀਲਾ ਕਰਕੇ ਪੰਜਾਬ ਵਿਚੋਂ ਭਜਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਜ ਸਿਰਫ ਪ੍ਰਚਾਰ ਦੀ ਨਹੀਂ, ਸਗੋਂ ਠੋਸ ਪ੍ਰਬੰਧ ਦੀ ਲੋੜ ਹੈ, ਜੋ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦਾ ਹੈ। 
 


author

Anmol Tagra

Content Editor

Related News