ਕੱਪੜਿਆਂ ''ਤੇ ਬ੍ਰਾਂਡਿਡ ਕੰਪਨੀਆਂ ਦੇ ਨਕਲੀ ਲੇਬਲ ਲਗਾ ਕੇ ਲੋਕਾਂ ਨੂੰ ਬਣਾ ਰਿਹਾ ਸੀ ਬੇਵਕੂਫ, ਚੜ੍ਹਿਆ ਪੁਲਸ ਅੜਿੱਕੇ
Saturday, Dec 07, 2024 - 05:14 AM (IST)
ਲੁਧਿਆਣਾ (ਰਾਮ) : ਗਣੇਸ਼ਪੁਰੀ, ਮਾਸਟਰ ਕਾਲੋਨੀ ’ਚ ਬ੍ਰਾਂਡਿਡ ਲੇਬਲ ਵਾਲੇ ਕੱਪੜੇ ਵੇਚਣ ਦੇ ਦੋਸ਼ ’ਚ ਇਕ ਦੁਕਾਨ ’ਤੇ ਛਾਪਾ ਮਾਰ ਕੇ 496 ਨਕਲੀ ਕੱਪੜੇ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ’ਚ ਥਾਣਾ ਦਰੇਸੀ ਦੀ ਪੁਲਸ ਨੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਂਚ ਅਧਿਕਾਰੀ ਸੰਤੋਸ਼ ਸਿੰਘ ਨੇ ਦੱਸਿਆ ਕਿ ਅੰਬਾਲਾ ਦੇ ਆਕਾਸ਼ ਨੇ ਪੈਰੀ ਜੀ/ਜੈਸਮੀਨ ਨਾਂ ਦੀ ਕੱਪੜੇ ਦੀ ਦੁਕਾਨ ’ਤੇ ਨਕਲੀ ਸਾਮਾਨ ਵੇਚ ਕੇ ਧੋਖਾਦੇਹੀ ਕਰਨ ਦੀ ਸ਼ਿਕਾਇਤ ਕੀਤੀ। ਜਾਂਚ ’ਚ ਪਤਾ ਲੱਗਾ ਕਿ ਦੁਕਾਨ ’ਤੇ ਬ੍ਰਾਂਡਿਡ ਕੰਪਨੀਆਂ ਦੇ ਨਕਲੀ ਲੇਬਲ ਲਗਾ ਕੇ ਸਥਾਨਕ ਕੱਪੜੇ ਵੇਚੇ ਜਾ ਰਹੇ ਸਨ।
ਇਸ ਧੋਖਾਧੜੀ ਰਾਹੀਂ ਗਾਹਕਾਂ ਨਾਲ ਠੱਗੀ ਮਾਰੀ ਜਾ ਰਹੀ ਸੀ ਅਤੇ ਬ੍ਰਾਂਡਿਡ ਕੰਪਨੀਆਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਸੀ। ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਨਕਲੀ ਸਾਮਾਨ ਕਿਥੋਂ ਆਇਆ ਅਤੇ ਇਸ ’ਚ ਹੋਰ ਕੌਣ-ਕੌਣ ਸ਼ਾਮਲ ਹਨ।