ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਮਾਫੀਆ ਨੂੰ ਲੋਕਾਂ ਨੇ ਕੀਤਾ ਕਾਬੂ, ਗੱਡੀ ਸਣੇ ਕਰ''ਤਾ ਪੁਲਸ ਹਵਾਲੇ
Saturday, Mar 14, 2026 - 11:01 AM (IST)
ਲੁਧਿਆਣਾ (ਖੁਰਾਣਾ) : ਗਿਆਸਪੁਰਾ ਦੇ ਮਹਾਦੇਵ ਨਗਰ ਵਿਚ ਵੀਰਵਾਰ ਦੀ ਦੇਰ ਸ਼ਾਮ ਨੂੰ ਇਲਾਕਾ ਨਿਵਾਸੀਆਂ ਨੇ ਮਿਲ ਕੇ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਮਾਫੀਆ ਨੂੰ ਸਿਲੰਡਰਾਂ ਨਾਲ ਭਰੀ ਗੱਡੀ ਸਮੇਤ ਕਾਬੂ ਕਰ ਕੇ ਸਾਹਨੇਵਾਲ ਪੁਲਸ ਥਾਣੇ ਤਹਿਤ ਪੈਂਦੀ ਕੰਗਣਵਾਲ ਚੌਕੀ ਦੇ ਹਵਾਲੇ ਕਰ ਦਿੱਤਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜਨਤਾ ਨੂੰ ਇਕ ਸਿਲੰਡਰ ਲੈਣ ਲਈ ਲੰਬੀਆਂ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ, ਜਦੋਂਕਿ ਗੈਸ ਮਾਫੀਆ ਦੇ ਗੁਰਗੇ ਸਿਲੰਡਰਾਂ ਨਾਲ ਭਰੀਆਂ ਗੱਡੀਆਂ ਨੂੰ ਲੈ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਕਾਲਾਬਜ਼ਾਰੀ ਦਾ ਕਾਲਾ ਧੰਦਾ ਚਲਾ ਰਹੇ ਹਨ।
ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਰਾਹ ਪੱਧਰਾ, ਏਅਰ ਇੰਡੀਆ ਵੱਲੋਂ ਹਫ਼ਤੇ 'ਚ 14 ਉਡਾਣਾਂ ਦਾ ਪ੍ਰਸਤਾਵ
ਇਸ ਏਰੀਆ ਵਿਚ ਇਕ ਦੁਕਾਨਦਾਰ ਹੀ ਕਮਰਸ਼ੀਅਲ ਸਿਲੰਡਰ ਸਪਲਾਈ ਕਰਨ ਆਇਆ ਸੀ, ਜਦੋਂਕਿ ਪਬਲਿਕ ਸਿਲੰਡਰ ਦੇ ਲਈ ਧੱਕੇ ਖਾ ਰਹੀ ਹੈ। ਸਿਲੰਡਰ ਦੇਣ ਵਾਲੇ ਵਿਅਕਤੀ ਦੀ ਜਦੋਂ ਵੀਡੀਓ ਬਣਾਈ ਤੇ ਪੁੱਛਗਿਛ ਸ਼ੁਰੂ ਕੀਤੀ ਤਾਂ ਉਸੇ ਸਮੇਂ ਦੁਕਾਨਦਾਰ ਸ਼ਟਰ ਬੰਦ ਕਰਕੇ ਫਰਾਰ ਹੋ ਗਿਆ। ਇੰਨੇ ਵਿਚ ਲੋਕਾਂ ਨੇ ਮਿਲ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਸਾਰੇ ਐਪੀਸੋਡ ਵਿਚ ਚੌਂਕਾ ਦੇਣ ਵਾਲੀ ਗੱਲ ਇਹ ਹੈ ਕਿ 28 ਘੰਟੇ ਦਾ ਲੰਬਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਪੁਲਸ ਵੱਲੋਂ ਅਜੇ ਤੱਕ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਮੁਲਜ਼ਮ ਖਿਲਾਫ ਕੇਸ ਦਰਜ ਨਹੀਂ ਕੀਤਾ ਗਿਆ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੈਂਸ਼ੀਅਲ ਕਮੋਡਿਟੀਜ਼ ਐਕਟ 1955 ਦੇ ਤਹਿਤ ਐੱਲ.ਪੀ.ਜੀ.ਗੈਸ ਦੀ ਕਾਲਾਬਜ਼ਾਰੀ ਤੇ ਮੁਨਾਫਾਖੋਰੀ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ 6 ਮੈਂਬਰੀ ਟੀਮ ਬਣਾ ਦਿੱਤੀ ਹੈ ਤੇ ਤੁਰੰਤ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਜੰਗ ਦਾ ਅਸਰ: ਜੈੱਟ ਫਿਊਲ ਦੀਆਂ ਕੀਮਤਾਂ 'ਚ ਰਿਕਾਰਡ 58% ਦਾ ਉਛਾਲ, ਹਵਾਈ ਸਫ਼ਰ ਹੋਵੇਗਾ ਹੋਰ ਮਹਿੰਗਾ
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗੈਸ ਸਿਲੰਡਰ ਦੀ ਕਾਲਾਬਾਜ਼ਾਰ ਕਰ ਰਹੇ ਮੁਲਜ਼ਮ ’ਤੇ ਕੇਸ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦੋਂ ਸਾਹਨੇਵਾਲ ਥਾਣਾ ਮੁਖੀ ਵਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਪੁੱਛਗਿੱਛ ਚੱਲ ਰਹੀ ਹੈ। ਹੁਣ ਉਨ੍ਹਾਂ ਨੇ ਕਿਹਾ ਕਿ ਸਿਲੰਡਰ ਨਾਲ ਭਰੀ ਹੋਈ ਗੱਡੀ ਪੁਲਸ ਚੌਕੀ ਵਿਚ ਹੀ ਖੜ੍ਹੀ ਹੈ ਪਰ ਇਸ ਮਾਮਲੇ ਵਿਚ ਕਾਰਵਾਈ ਫੂਡ ਸਪਲਾਈ ਅਧਿਕਾਰੀ ਹੀ ਕਰੇਗਾ। ਖ਼ਬਰ ਲਿਖੇ ਜਾਣ ਤੱਕ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸ਼ਹਿਰ ਵਿਚ ਖੁੱਲੇਆਮ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਮੁਲਜ਼ਮ ਖਿਲਾਫ ਪੁਲਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਜਦੋਂਕਿ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਮਾਫੀਆ ਦੇ ਕੋਲ ਆਖਿਰ ਕਮਰਸ਼ੀਅਲ ਗੈਸ ਸਿਲੰਡਰ ਨਾਲ ਭਰੀ ਗੱਡੀ ਆਈ ਕਿੱਥੋਂ, ਜਦੋਂ ਦੇ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਬੀਤੇ ਦਿਨੀਂ ਪੂਰੇ ਦੇਸ਼ ਵਿਚ ਹੀ ਕਮਰਸ਼ੀਅਲ ਹੀ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
