ਮਲੇਸ਼ੀਆ ਤੋਂ ਪਰਤੇ ਤਿੰਨ ਨੌਜਵਾਨਾਂ ਨੇ ਟਰੈਵਲ ਏਜੰਟ ''ਤੇ ਲਗਾਏ ਠੱਗੀ ਦੇ ਗੰਭੀਰ ਦੋਸ਼

Monday, Sep 18, 2017 - 02:21 PM (IST)

ਮਲੇਸ਼ੀਆ ਤੋਂ ਪਰਤੇ ਤਿੰਨ ਨੌਜਵਾਨਾਂ ਨੇ ਟਰੈਵਲ ਏਜੰਟ ''ਤੇ ਲਗਾਏ ਠੱਗੀ ਦੇ ਗੰਭੀਰ ਦੋਸ਼

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਲਾਲੂਘੁੰਮਣ ਦੇ ਤਿੰਨ ਨੌਜਵਾਨਾਂ ਨੇ ਸਥਾਨਕ ਇਕ ਟਰੈਵਲ ਏਜੰਸੀ ਦੇ ਮਾਲਕਾਂ ਵੱਲੋਂ ਉਨ੍ਹਾਂ ਨੂੰ ਗਲਤ ਢੰਗ ਨਾਲ ਮਲੇਸ਼ੀਆ ਭੇਜ ਕੇ ਮੋਟੀ ਰਕਮ ਵਸੂਲਣ ਦੇ ਦੋਸ਼ ਲਗਾਉਦਿਆਂ ਐੱਸ. ਐੱਸ. ਪੀ. ਤਰਨਤਾਰਨ ਕੋਲ ਏਜੰਸੀ ਦੇ ਮਾਲਕਾਂ ਵਿਰੋਧ ਸ਼ਿਕਾਇਤ ਦਰਜ ਕਰਵਾ ਕਿ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਨੌਜਵਾਨਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਿਕਾਰਦਿਆਂ ਟਰੈਵਲ ਏਜੰਸੀ ਦੇ ਮਾਲਕਾਂ ਨੇ ਉਨ੍ਹਾਂ ਕੋਲ ਨੌਜਵਾਨਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੇ ਲੜਕਿਆਂ ਨੂੰ ਵਾਪਸ ਭਾਰਤ ਲਿਆਉਣ ਲਈ ਲਿਖਤੀ ਹਲਫੀਆ ਬਿਆਨ ਦੇਣ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਜਾਂਚ ਪੁਲਸ ਦੇ ਐਂਟੀ ਫੇਕ ਸੈੱਲ ਟਰੈਵਲ ਏਜੰਸੀਆਂ ਨੂੰ ਸੌਂਪੀ ਗਈ ਹੈ। 
ਜਾਣਕਾਰੀ ਦਿੰਦਿਆਂ ਰਵੀਇੰਦਰਪਾਲ ਸਿੰਘ ਪੁੱਤਰ ਗੁਰਵੰਤ ਸਿੰਘ, ਹਰਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਰਵੀਦੀਪ ਸ਼ਰਮਾ ਪੁੱਤਰ ਜਸਵੰਤ ਰਾਏ (ਤਿੰਨੇ ਵਾਸੀ ਪਿੰਡ ਲਾਲੂਘੁੰਮਣ) ਨੇ ਹਲਫੀਆ ਬਿਆਨ ਅਤੇ ਐੱਸ. ਐੱਸ. ਪੀ. ਤਰਨਤਾਰਨ ਨੂੰ ਟਰੈਵਲ ਏਜੰਸੀ ਵਿਰੋਧ ਕੀਤੀ ਗਈ ਸ਼ਿਕਾਇਤ ਦੀਆਂ ਨਕਲਾਂ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲੋਂ ਅਟਾਰੀ ਰੋਡ ਝਬਾਲ ਸਥਿਤ ਐੱਸ. ਜੀ. ਐੱਨ. ਉਵਰਸ਼ੀਸ਼ ਟਰੈਵਲ ਏਜੰਸੀ ਦੇ ਮਾਲਕਾਂ ਵੱਲੋਂ ਮਲੇਸ਼ੀਆ ਵਰਕ ਪਰਮਿਟ ਦੇ ਵੀਜ਼ੇ 'ਤੇ ਭੇਜਣ ਲਈ ਪ੍ਰਤੀ ਵਿਅਕਤੀ 1 ਲੱਖ 33 ਹਜ਼ਾਰ ਰੁਪਏ, (ਕੁਲ 3 ਲੱਖ 99 ਹਜ਼ਾਰ ਰੁਪਏ) ਲਏ ਸਨ ਅਤੇ ਸਾਨੂੰ ਇਹ ਕਹਿ ਕੇ ਮਲੇਸ਼ੀਆ ਭੇਜਿਆ ਗਿਆ ਸੀ ਕਿ ਤੁਹਾਨੂੰ ਜਾਂਦੇ ਹੀ 2 ਸਾਲਾਂ ਲਈ ਕੰਪਨੀ 'ਚ ਕੰਮ ਮਿਲ ਜਾਵੇਗਾ। ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਹ ਬੀਤੀ 28 ਅਗਸਤ ਨੂੰ ਮਲੇਸ਼ੀਆ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਜਾ ਕੇ ਆਪਣੇ ਨਾਲ ਹੋਏ ਧੋਖੇ ਦਾ ਪਤਾ ਲੱਗਾ ਕਿ ਉਨ੍ਹਾਂ ਦਾ ਵੀਜ਼ਾ ਵਰਕ ਪਰਮਿਟ ਦਾ ਨਹੀਂ ਸਗੋਂ ਟੂਰਿਸਟ ਵੀਜ਼ਾ ਹੈ ਅਤੇ ਕੁਝ ਹੀ ਦਿਨਾਂ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਹ ਵੀਜ਼ਾ ਖਤਮ ਹੋਣ ਤੋਂ ਬਾਅਦ 9 ਸਤੰਬਰ ਨੂੰ ਵਾਪਸ ਭਾਰਤ ਪਰਤ ਆਏ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਉਨ੍ਹਾਂ ਨਾਲ ਕੀਤੇ ਗਏ ਧੋਖੇ ਕਾਰਨ ਉਕਤ ਟਰੈਵਲ ਏਜੰਸੀ ਦੇ ਮਾਲਕਾਂ ਤੋਂ ਆਪਣੇ ਪੈਸੇ ਵਾਪਸ ਮੰਗੇ ਜਾ ਰਹੇ ਹਨ ਤਾਂ ਉਨ੍ਹਾਂ ਵੱਲੋਂ ਧਮਕਾਇਆ ਜਾਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਅਤੇ ਪਾਸਪੋਰਟ ਵਾਪਸ ਕਰਨ ਲਈ ਏਜੰਸੀ ਦੇ ਮਾਲਕਾਂ ਵੱਲੋਂ ਉਨ੍ਹਾਂ ਦੇ ਮਾਪਿਆਂ ਕੋਲੋਂ ਹਲਫੀਆ ਬਿਆਨ ਵੀ ਧੱਕੇ ਨਾਲ ਲਿਖਵਾ ਕੇ ਰੱਖ ਲਏ ਗਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਐੱਸ. ਐੱਸ. ਪੀ ਤਰਨਤਾਰਨ ਨੂੰ ਉਕਤ ਟਰੈਵਲ ਏਜੰਸੀ ਦੇ ਮਾਲਕਾਂ ਵਿਰੋਧ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦੇਣ ਲਈ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਸ ਮੌਕੇ ਗੁਰਵੰਤ ਸਿੰਘ ਅਤੇ ਜਸਵੰਤ ਰਾਏ ਆਦਿ ਹਾਜ਼ਰ ਸਨ। 
ਕੀ ਕਹਿਣਾ ਟਰੈਵਲ ਏਜੰਸੀ ਦੇ ਮਾਲਕ ਜੱਜਬੀਰ ਸਿੰਘ ਦਾ
ਐੱਸ. ਜੀ. ਐੱਨ. ਉਵਰਸ਼ੀਸ਼ ਟਰੈਵਲ ਏਜੰਸੀ ਦੇ ਮਾਲਕ ਜੱਜਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨਾਲ ਕੋਈ ਧੋਖਾ ਨਹੀਂ ਕੀਤਾ ਗਿਆ ਸਗੋਂ ਬਕਾਇਦਾ ਲਿਖਤੀ ਇਕਰਾਰਨਾਮੇ ਤਹਿਤ 'ਵਿਜਿਟ ਟੂ ਵਰਕ' ਪਰਮਿਟ ਵੀਜ਼ੇ 'ਤੇ ਮਲੇਸ਼ੀਆ ਭੇਜਿਆ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਕਤ ਨੌਜਵਾਨ ਮਲੇਸ਼ੀਆ ਪਹੁੰਚੇ ਸਨ ਤਾਂ ਏਅਰਪੋਰਟ ਤੋਂ 'ਆਤਾ ਮੈਨੀਫੈੱਚਰ ਕੰਪਨੀ' ਦੇ ਲੋਕ ਉਨ੍ਹਾਂ ਨੂੰ ਕੰਪਨੀ 'ਚ ਕੰਮ ਕਰਨ ਲਈ ਲੈਣ ਲਈ ਆਏ ਸਨ। ਉਸ ਨੇ ਦੱਸਿਆ ਕਿ ਇਕਰਾਰਨਾਮੇ ਤਹਿਤ ਪਹਿਲਾਂ ਹੀ ਦੱਸਿਆ ਗਿਆ ਸੀ ਕਿ 12 ਘੰਟੇ ਕੰਮ ਕਰਨਾ ਪਵੇਗਾ ਪਰ ਮਲੇਸ਼ੀਆ ਪਹੁੰਚ ਕੇ ਉਕਤ ਨੌਜਵਾਨਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਨੌਜਵਾਨਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਅਸਟਾਮ ਪੇਪਰਾਂ 'ਤੇ ਬਕਾਇਦਾ ਹਲਫੀਆ ਬਿਆਨ ਲਿੱਖ ਕੇ ਉਨ੍ਹਾਂ ਨੂੰ ਦਿੱਤੇ ਹਨ, ਕਿ ਉਹ ਆਪਣੇ ਬੱਚਿਆਂ ਨੂੰ ਉਥੇ ਨਹੀਂ ਰਹਿਣ ਦੇਣਾ ਚਾਹੁੰਦੇ ਹਨ। ਉਸ ਨੇ ਇਹ ਵੀ ਦੱਸਿਆ ਕਿ 1 ਲੱਖ 33 ਹਜ਼ਾਰ ਨਹੀਂ ਬਲਕਿ ਪ੍ਰਤੀ ਨੌਜਵਾਨ 1 ਲੱਖ 15 ਹਜ਼ਾਰ ਰੁਪਏ ਲਏ ਗਏ ਸਨ।
ਬਰੀਕੀ ਨਾਲ ਕਰਵਾਈ ਜਾ ਰਹੀ ਹੈ ਜਾਂਚ- ਐੱਸ. ਐੱਸ. ਪੀ ਮਾਨ
ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਮਾਮਲਿਆਂ ਸਬੰਧੀ ਉਹ ਬਹੁਤ ਸਖਤ ਹਨ ਅਤੇ ਉਨ੍ਹਾਂ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਜੇਕਰ ਕਬੂਤਰਬਾਜੀ ਦੇ ਮਾਮਲੇ 'ਚ ਕੋਈ ਏਜੰਸੀ ਦੋਸ਼ੀ ਪਾਈ ਜਾਂਦੀ ਹੈ ਤਾਂ ਤਰੁੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਪੁਲਸ ਦੇ ਐਂਟੀ ਫੇਕ ਸੈੱਲ ਪਾਸੋਂ ਬਰੀਕੀ ਨਾਲ ਜਾਂਚ ਕਰਵਾਈ ਜਾ ਰਹੀ ਹੈ।
ਦੋਹਾਂ ਧਿਰਾਂ ਨੂੰ ਹਾਜ਼ਰ ਹੋਣ ਲਈ ਭੇਜੇ ਗਏ ਪਰਵਾਨੇ- ਇੰਚਾਰਜ
ਪੁਲਸ ਐਂਟੀ ਫੇਕ ਸੈੱਲ ਟਰੈਵਲ ਏਜੰਸੀਆਂ ਦੀ ਇੰਚਾਰਜ ਨਰਿੰਦਰ ਕੌਰ ਨੇ ਉਕਤ ਟਰੈਵਲ ਏਜੰਸੀ ਵਿਰੁੱਧ ਸ਼ੁਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਟਰੈਵਲ ਏਜੰਸੀ ਅਤੇ ਸ਼ਿਕਾਇਤ ਕਰਤਾ ਧਿਰ, ਦੋਹਾਂ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਬੁਲਾਇਆ ਗਿਆ ਹੈ। ਜੋ ਸੱਚਾਈ ਸਾਹਮਣੇ ਆਵੇਗੀ ਰਿਪੋਰਟ ਬਣਾ ਕੇ ਐੱਸ. ਐੱਸ. ਪੀ. ਦਫਤਰ ਨੂੰ ਭੇਜ ਦਿੱਤੀ ਜਾਵੇਗੀ।


Related News