ਲੁਧਿਆਣਾ ''ਚੋਂ ਲਾਪਤਾ ਹੋਈਆਂ 13 ਕੁੜੀਆਂ ''ਚੋਂ 4 ਬਰਾਮਦ, ਸਾਹਮਣੇ ਆਇਆ ਪੁਲਸ ਕਮਿਸ਼ਨਰ ਦਾ ਬਿਆਨ

Saturday, Jun 06, 2026 - 06:00 PM (IST)

ਲੁਧਿਆਣਾ ''ਚੋਂ ਲਾਪਤਾ ਹੋਈਆਂ 13 ਕੁੜੀਆਂ ''ਚੋਂ 4 ਬਰਾਮਦ, ਸਾਹਮਣੇ ਆਇਆ ਪੁਲਸ ਕਮਿਸ਼ਨਰ ਦਾ ਬਿਆਨ

ਲੁਧਿਆਣਾ (ਰਾਜ)- ਮਹਾਨਗਰ ਵਿਚ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋਰਨਾਂ ਪਲੇਟਫਾਰਮਾਂ ’ਤੇ ਕਈ ਨੌਜਵਾਨ ਲੜਕੀਆਂ ਦੇ ਅਚਾਨਕ ਗਾਇਬ ਹੋਣ ਸਬੰਧੀ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਤੇ ਅਫਵਾਹਾਂ ਗਰਮ ਹਨ। ਇਨ੍ਹਾਂ ਖ਼ਬਰਾਂ ਨਾਲ ਆਮ ਜਨਤਾ ਵਿਚ ਪੈਦਾ ਹੋ ਰਹੇ ਡਰ ਤੇ ਚਿੰਤਾ ਨੂੰ ਦੇਖਦੇ ਬੀਤੇ ਵੀਰਵਾਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨਰ ਨੇ ਇਸ ਮਾਮਲੇ ਵਿਚ ਸੁਓ ਮੋਟੋ ਨੋਟਿਸ ਜਾਰੀ ਕਰਕੇ ਪੁਲਸ ਤੋਂ 8 ਜੂਨ ਤੱਕ ਸਟੇਟਸ ਰਿਪੋਰਟ ਮੰਗੀ ਹੈ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਲੁਧਿਆਣਾ ਪੁਲਸ ਕਮਿਸ਼ਨਰ ਨੇ ਆਪਣਾ ਬਿਆਨ ਜਾਰੀ ਕਰਕੇ ਸਥਿਤੀ ਸਾਫ ਕੀਤੀ ਹੈ। 

ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਹੇ ਕਿ ਉਹ ਬਿਨਾਂ ਜਾਂਚ ਪਰਖ ਦੇ ਕਿਸੇ ਵੀ ਤਰ੍ਹਾਂ ਦੀ ਗੁੰਮਰਾਹਕੁੰਨ ਜਾਣਕਾਰੀ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਕਰਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਮੁਤਾਬਕ ਹਾਲ ਦੇ ਕੁਝ ਦਿਨਾਂ ਵਿਚ ਲੁਧਿਆਣਾ ਦੇ ਵੱਖ ਵੱਖ ਥਾਣਿਆਂ ਵਿਚ 13 ਲੜਕੀਆਂ ਦੇ ਲਾਪਤ ਹੋਣ ਸਬੰਧੀ ਕੁਲ 11 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪੁਲਸ ਵੱਲੋਂ ਹੁਣ ਤੱਕ ਕੀਤੀ ਗਹਿਰੀ ਜਾਂਚ ਵਿਚ ਇਹ ਗੱਲ ਸਾਫ ਹੋ ਗਈ ਹੈ ਕਿ ਲਾਪਤਾ ਰਿਪੋਰਟ ਕੀਤੀਆਂ ਗਈਆਂ ਇਨ੍ਹਾਂ ਲੜਕੀਆਂ ਵਿਚੋਂ ਕਿਸੇ ਨੂੰ ਵੀ ਕਿਸੇ ਵਿਅਕਤੀ ਜਾਂ ਜਥੇਬੰਦਕ ਗਿਰੋਹ ਵੱਲੋਂ ਅਗਵਾ ਨਹੀਂ ਕੀਤਾ ਗਿਆ ਹੈ। ਇਹ ਸਾਰੀਆਂ ਲੜਕੀਆਂ ਆਪਣੇ ਵਿਅਕਤੀਗਤ, ਪਰਿਵਾਰਕ ਜਾਂ ਕੁਝ ਨਿਜੀਕਾਰਨਾਂ ਕਰਕੇ ਖੁਦ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈਆਂ ਸਨ।

ਲਾਪਤਾ ਲੋਕਾਂ ਦਾ ਸੁਰਾਗ ਲਗਾਉਣ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਦਿਨ ਰਾਤ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਪੁਲਸ ਦੇ ਇਨ੍ਹਾਂ ਲਗਾਤਾਰ ਯਤਨਾਂ ਕਾਰਨ 13 ਵਿਚੋਂ 4 ਲੜਕੀਆਂ ਪਹਿਲਾਂ ਹੀ ਸਹੀ ਸਲਾਮਤ ਲੱਭ ਲਈਆਂ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਦਿੱਤਾ ਗਿਆ ਹੈ। ਖਾਸ ਤੌਰ ’ਤੇ ਥਾਣਾ ਜਮਾਲਪੁਰ ਨਾਲ ਸਬੰਧਤ ਇਕ ਮਾਮਲੇ ਵਿਚ ਤਿੰਨ ਲਾਪਤਾ ਲੜਕੀਆਂ ਨੂੰ ਉੱਤਰ ਪ੍ਰਦੇਸ਼ ਵਿਚ ਆਪਣੇ ਹੀ ਜੱਦੀ ਪਿੰਡਾਂ ਤੋਂ ਬਰਾਮਦ ਕੀਤਾ ਗਿਆ ਹੈ। ਇਹ ਲੜਕੀਆਂ ਵੀ ਪਰਿਵਾਰਕ ਕਾਰਨਾਂ ਕਰਕੇ ਖੁਦ ਘਰੋਂ ਚਲੀਆਂ ਗਈਆਂ ਸਨ। ਬਾਕੀ ਬਚੀਆਂ ਲੜਕੀਆਂ ਦੀ ਭਾਲ ਲਈ ਪੁਲਸ ਟੈਕਨੀਕਲ ਸਰਵੀਲਾਂਸ, ਫੀਲਡ ਇਨਵੈਸਟੀਗੇਸ਼ਨ ਅਤੇ ਹੋਰਨਾਂ ਸਬੰਧਤ ਏਜੰਸੀਆਂ ਦੀ ਮਦਦ ਨਾਲ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਕਿਡਨੈਪਿੰਗ ਰੈਕੇਟ ਵਰਗੀ ਕੋਈ ਗੱਲ ਨਹੀਂ, ਜਾਂਚ ਜਾਰੀ

ਪੁਲਸ ਕਮਿਸ਼ਨਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮੌਜੂਦਾ ਵਿਚ ਇਨ੍ਹਾਂ ਘਟਨਾਵਾਂ ਦੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਜਥੇਬੰਦੀ ਕਿਡਨੈਪਿੰਗ ਰੈਕਟ ਜਾਂ ਗਿਰੋਹ ਜਾਂ ਕਿਸੇ ਅਪਰਾਧਕ ਸਾਜ਼ਿਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਬਾਵਜੂਦ ਇਸ ਦੇ ਪੁਲਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਤਫਤੀਸ਼ਾਂ ਵਿਚ ਹਰ ਪਹਿਲੂ ਤੇ ਹਰ ਐਂਗਲ ਨੂੰ ਬਰੀਕੀ ਨਾਲ ਜਾਂਚ ਰਹੀਆਂ ਹਨ। ਪੁਲਸ ਨੈ ਸ਼ਹਿਰਵਾਸੀਆਂ ਨੂੰ ਆਸਵੰਦ ਕੀਤਾ ਹੈ ਕਿ ਉਹ ਔਰਤਾਂ ਦੀ ਸੁਰੱਖਿਆ ਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਪੁਲਸ ਦੀਆਂ ਸਮਰਪਿਤ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ ਤੇ ਉਮੀਦ ਹੈ ਕਿ ਬਾਕੀ ਬਚੀਆਂ ਲਾਪਤਾ ਲੜਕੀਆਂ ਵੀ ਜਲਦ ਹੀ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਅਫਵਾਹਾਂ ਫੈਲਾਉਣ ਵਾਲਿਆਂ ’ਤੇ ਰਹੇਗੀ ਨਜ਼ਰ

ਪੁਲਸ ਕਮਿਸ਼ਨਰ ਸ਼ਰਮਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਮਨਘੜਤ ਗੱਲਾਂ ਨੂੰ ਸੁਣ ਕੇ ਨਾ ਘਬਰਾਉਣ ਤੇ ਨਾ ਹੀ ਅਜਿਹੀਆਂ ਅਫਵਾਹਾਂ ਫੈਲਾਉਣ ਜਿਸ ਨਾਲ ਸਮਾਜ ਵਿਚ ਗੈਰਜ਼ਰੂਰੀ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣੇ। ਨਾਗਰਿਕ ਕਿਸੇ ਵੀ ਸ਼ੱਕੀ ਜਾਂ ਭਰੋਸੇਯੋਗ ਜਾਣਕਾਰੀ ਨੂੰ ਤੁਰੰਤ ਪੁਲਸ ਦੇ ਨਾਲ ਸਾਂਝਾ ਕਰਨ ਤੇ ਜਾਂਚ ਵਿਚ ਸਹਿਯੋਗ ਦੇਣ।


author

Anmol Tagra

Content Editor

Related News