ਨਿਗਮ ਕਮਿਸ਼ਨਰ ਵੱਲੋਂ ਆਉਣ ਵਾਲੇ ਬਰਸਾਤੀ ਸੀਜ਼ਨ ਸਬੰਧੀ ਹਦਾਇਤਾਂ ਜਾਰੀ
Wednesday, Jun 17, 2026 - 12:33 PM (IST)
ਲੁਧਿਆਣਾ (ਹਿਤੇਸ਼): ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਓਜਸਵੀ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਲਗਾਤਾਰ ਦੂਸਰੇ ਦਿਨ ਸੜਕਾਂ 'ਤੇ ਨਜ਼ਰ ਆਏ। ਉਨ੍ਹਾਂ ਨੇ ਸਵੇਰੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਤੇ ਸਾਫ਼-ਸਫ਼ਾਈ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਮਾਨਸੂਨ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਸੁਚਾਰੂ ਰੱਖਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ।

ਨਗਰ ਨਿਗਮ ਕਮਿਸ਼ਨਰ ਵੱਲੋਂ ਸੋਮਵਾਰ ਨੂੰ ਚਾਰਜ ਸੰਭਾਲਿਆ ਗਿਆ ਸੀ, ਉਸ ਤੋਂ ਬਾਅਦ ਉਨ੍ਹਾਂ ਨੇ ਅਫ਼ਸਰਾਂ ਨਾਲ ਪਹਿਲੀ ਮੀਟਿੰਗ ਵਿਚ ਹੀ ਸਫ਼ਾਈ ਪ੍ਰਬੰਧਾਂ 'ਤੇ ਮੁੱਖ ਫੋਕਸ ਰੱਖਣ ਦੀ ਗੱਲ ਕੀਤੀ ਸੀ ਤੇ ਨਾਲ ਹੀ ਮਾਨਸੂਨ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਰੱਖਣ ਲਈ ਲੋੜੀਂਦੇ ਪ੍ਰਬੰਧ ਕਰਨ 'ਤੇ ਧਿਆਨ ਦੇਣ ਲਈ ਕਿਹਾ ਸੀ। ਇਸ ਦੇ ਤਹਿਤ ਕਮਿਸ਼ਨਰ ਨੇ ਮੰਗਲਵਾਰ ਨੂੰ ਕਈ ਇਲਾਕਿਆਂ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਸੜਕਾਂ-ਗਲੀਆਂ ਦੀ ਸਫ਼ਾਈ, ਕੂੜੇ-ਮਲਬੇ ਦੀ ਲਿਫਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸੀ। ਉਨ੍ਹਾਂ ਵੱਲੋਂ ਸੀਵਰੇਜ ਜਾਮ ਦੀ ਸਮੱਸਿਆ, ਪਾਣੀ ਦੀ ਲੀਕੇਜ ਦੀ ਸਮੱਸਿਆ, ਟੁੱਟੀਆਂ ਸੜਕਾਂ ਤੇ ਫੁੱਟਪਾਥਾਂ ਦੀ ਮੁਰੰਮਤ ਦੇ ਨਿਰਦੇਸ਼ ਦਿੱਤੇ ਸਨ।
ਇਸ ਮੁਹਿੰਮ ਦੇ ਤਹਿਤ ਓਜਸਵੀ ਬੁੱਧਵਾਰ ਨੂੰ ਵੀ ਸੜਕਾਂ 'ਤੇ ਨਜ਼ਰ ਆਏ ਉਨ੍ਹਾਂ ਵੱਲੋਂ ਬੁੱਢੇ ਨਾਲੇ ਦੇ ਨਾਲ ਲਗਦੇ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਬੁੱਢੇ ਨਾਲੇ ਦੀ ਸਫ਼ਾਈ ਦੇ ਨਿਰਦੇਸ਼ ਦਿੱਤੇ ਤਾਂ ਜੋ ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਵਿਚ ਦਿੱਕਤ ਨਾ ਆਵੇ। ਉਨ੍ਹਾਂ ਨੇ ਬੁੱਢੇ ਨਾਲੇ ਦੇ ਕੰਢੇ ਪੱਕੇ ਕਰਨ ਦੀ ਵੀ ਹਦਾਇਤ ਕੀਤੀ ਤੇ ਨਾਲ ਹੀ ਕਿਹਾ ਕਿ ਐੱਸ.ਟੀ.ਪੀ. ਪਲਾਂਟ ਦੀ ਵਰਕਿੰਗ ਠੀਕ ਹੋਣੀ ਚਾਹੀਦੀ ਹੈ ਤੇ ਪੰਪਿੰਗ ਸਟੇਸ਼ਨ ਸੁਚਾਰੂ ਹੋਣੇ ਚਾਹੀਦੇ ਹਨ। ਨਿਗਮ ਕਮਿਸ਼ਨਰ ਨੇ ਬਰਸਾਤਾਂ ਦੌਰਾਨ ਉੱਥੇ ਮੋਟਰਾਂ ਤੇ ਜਨਰੇਟਰ ਦਾ ਇੰਤਜ਼ਾਮ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਢੋਕਾ ਮੁਹੱਲਾ ਪੁਆਇੰਟ ਦਾ ਵੀ ਜਾਇਜ਼ਾ ਲਿਆ, ਜਿੱਥੇ ਹਰ ਵਾਰ ਬਾਰਿਸ਼ ਤੋਂ ਬਾਅਦ ਘਰਾਂ ਦੇ ਅੰਦਰ ਪਾਣੀ ਵੜ ਜਾਂਦਾ ਹੈ ਤੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
