ਨਿਹੰਗ ਸਿੰਘ ਤੇ ਸ਼ਿਵ ਸੈਨਾ ਆਗੂ ਫ਼ਿਰ ਹੋਏ ਆਹਮੋ-ਸਾਹਮਣੇ! ਪੁਲਸ ਨੇ ਸ਼ਾਂਤ ਕਰਵਾਇਆ ਮਾਮਲਾ
Tuesday, Jun 23, 2026 - 06:26 PM (IST)
ਲੁਧਿਆਣਾ (ਰਾਜ): ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਅਤੇ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਵੀਡੀਓ ਵਾਰ ਮਗਰੋਂ ਅੱਜ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਮਾਹੌਲ ਉਸ ਵੇਲੇ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਨਿਹੰਗ ਸਿੰਘ ਅਤੇ ਸ਼ਿਵ ਸੈਨਾ ਆਗੂ ਆਹਮੋ-ਸਾਹਮਣੇ ਹੋ ਗਏ। ਦੋਹਾਂ ਧਿਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਇਕ ਦੂਜੇ ਨੂੰ ਵੇਖ ਲਲਕਾਰੇ ਮਾਰੇ। ਸਥਿਤੀ ਵਿਗੜਦੀ ਵੇਖ ਉੱਥੇ ਤਾਇਨਾਤ ਭਾਰੀ ਪੁਲਸ ਫ਼ੋਰਸ ਨੇ ਤੁਰੰਤ ਐਕਸ਼ਨ ਲਿਆ ਤੇ ਦੋਹਾਂ ਧਿਰਾਂ ਵਿਚਾਲੇ ਕੰਧ ਬਣ ਕੇ ਉਨ੍ਹਾਂ ਨੂੰ ਵੱਖ ਕੀਤਾ। ਪੁਲਸ ਨੇ ਸਿਆਣਪ ਵਰਤਦਿਆਂ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਲੁਧਿਆਣਾ ਨੂੰ ਇਕ ਵੱਡੇ ਟਕਰਾਅ ਤੋਂ ਬਚਾ ਲਿਆ।
ਜਾਣਕਾਰੀ ਮੁਤਾਬਕ, ਸੋਮਵਾਰ ਨੂੰ ਭਾਰਤ ਨਗਰ ਚੌਕ ਸਥਿਤ ਫਰੈਂਡਜ਼ ਰੈਜ਼ੀਡੈਂਸੀ ਦੇ ਬਾਹਰ ਸ਼ਿਵ ਸੈਨਾ ਆਗੂ ਦੀ ਗੱਡੀ ਦਾ ਸ਼ੀਸ਼ਾ ਤੋੜਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਸ਼ਿਵ ਸੈਨਿਕਾਂ ਨੇ ਚੌੜਾ ਬਾਜ਼ਾਰ ਤੋਂ ਪੁਲਸ ਕਮਿਸ਼ਨਰ ਦਫ਼ਤਰ ਤਕ ਰੋਸ ਮਾਰਚ ਕੱਢਿਆ ਸੀ। ਸ਼ੁਰੂਆਤ ਵਿਚ ਪੁਲਸ ਨੇ ਸੁਰੱਖਿਆ ਕਾਰਨਾਂ ਕਾਰਨ ਉਨ੍ਹਾਂ ਨੂੰ ਗੇਟ 'ਤੇ ਰੋਕਿਆ, ਪਰ ਬਾਅਦ ਵਿਚ ਕੁਝ ਚੋਣਵੇਂ ਆਗੂਆਂ ਦੀ ਮੁਲਾਕਾਤ ਡੀ. ਸੀ. ਪੀ. ਹਰਪਾਲ ਸਿੰਘ ਨਾਲ ਕਰਵਾਈ ਗਈ। ਜਿਉਂ ਹੀ ਸ਼ਿਵ ਸੈਨਾ ਆਗੂ ਅਫ਼ਸਰਾਂ ਨਾਲ ਮੀਟਿੰਗ ਕਰ ਸੀ. ਪੀ. ਦਫ਼ਤਰ ਦੇ ਮੁੱਖ ਗੇਟ ਤੋਂ ਬਾਹਰ ਨਿਕਲੇ ਤਾਂ ਉੱਥੇ ਪਹਿਲਾਂ ਤੋਂ ਹੀ ਕੁਝ ਨਿਹੰਗ ਸਿੰਘ ਖੜ੍ਹੇ ਸਨ। ਜਦੋਂ ਦੋਹਾਂ ਧਿਰਾਂ ਨੇ ਇਕ ਦੂਜੇ ਨੂੰ ਵੇਖਿਆ ਤਾਂ ਮਾਹੌਲ ਭੱਖ ਗਿਆ। ਦੋਹਾਂ ਪਾਸਿਓਂ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਲਕਾਰੇ ਮਾਰੇ ਜਾਣ ਲੱਗ ਪਏ ਤੇ ਸ਼ਰੇਆਮ ਗਾਹਲੋ-ਗਾਹਲੀ ਵੀ ਹੋ ਗਏ। ਤਾਇਨਾਤ ਪੁਲਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦਿਆਂ ਦੋਹਾਂ ਧਿਰਾਂ ਨੂੰ ਦੂਰ ਕੀਤਾ ਤੇ ਸ਼ਿਵ ਸੈਨਿਕਾਂ ਨੂੰ ਸੁਰੱਖਿਆ ਘੇਰੇ ਵਿਚ ਲੈ ਕੇ ਉੱਥੋਂ ਰਵਾਨਾ ਕੀਤਾ। ਸ਼ਿਵ ਸੈਨਿਕਾਂ ਨੇ ਹਮਲਾ ਲਗਾਇਆ ਕਿ ਅੱਜ ਫ਼ਿਰ ਤੋਂ ਉਨ੍ਹਾਂ ਦੇ ਆਗੂਆਂ 'ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਮਲਾ ਕਰਨ ਦੀ ਤਿਆਰੀ ਕੀਤੀ ਗਈ ਸੀ।
ਸੋਸ਼ਲ ਮੀਡੀਆ 'ਤੇ ਦਿੱਤੀ ਸੀ ਚੁਣੌਤੀ
ਦਰਅਸਲ, ਇਸ ਟਕਰਾਅ ਤੋਂ ਪਹਿਲਾਂ ਦੋਹਾਂ ਧਿਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਸ਼ਰੇਆਮ ਚੁਣੌਤੀਆਂ ਦਿੱਤੀਆਂ ਗਈਆਂ। ਟੰਡਨ ਦੀ ਕਾਰ 'ਤੇ ਹਮਲਾ ਹੋਣ ਤੋਂ ਬਾਅਦ ਸ਼ਿਵ ਸੈਨਾ ਆਗੂ ਭਾਨੂ ਪ੍ਰਤਾਪ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰ ਕੇ ਖੁਲ੍ਹਾ ਚੈਲੰਜ ਦਿੱਤਾ ਸੀ ਕਿ 'ਅਸੀਂ ਢਾਈ ਵਜੇ ਪੁਲਸ ਕਮਿਸ਼ਨਰ ਦਫ਼ਤਰ ਆ ਰਹੇ ਹਾਂ, ਤੁਹਾਡੇ ਵਿਚ ਦਮ ਹੈ ਤਾਂ ਤੁਸੀਂ ਵੀ ਆ ਜਾਓ।' ਇਸ ਮਗਰੋਂ ਹੋਰ ਹਿੰਦੂ ਆਗੂਆਂ ਨੇ ਵੀ ਇਸ ਲਲਕਾਰ ਨੂੰ ਅੱਗੇ ਵਧਾਇਆ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਉੱਤਰਾਖੰਡ ਤੋਂ ਨਿਹੰਗ ਕੁਲਦੀਪ ਸਿੰਘ ਖ਼ਾਲਸਾ ਨੇ ਦੇਰ ਰਾਤ ਪਲਟਵਾਰ ਕਰਦਿਆਂ ਵੀਡੀਓ ਜਾਰੀ ਕੀਤੀ ਤੇ ਕਿਹਾ ਕਿ ਲੁਧਿਆਣਾ ਵਿਚ ਕੁਝ ਲੋਕਾਂ ਨੇ ਨਿਹੰਗਾਂ ਦੇ ਧਾਰਮਿਕ ਬਾਣੇ ਨੂੰ ਲੈ ਕੇ ਗਲਤ ਸ਼ਬਦਾਵਲੀ ਵਰਤੀ, ਜੋ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦਾ ਅਪਮਾਨ ਹੈ। ਇਨ੍ਹਾਂ ਲੋਕਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਹੈ। ਸਾਡੇ ਆਣ ਤੋਂ ਪਹਿਲਾਂ ਪੁਲਸ ਇਨ੍ਹਾਂ 'ਤੇ ਪਰਚਾ ਦਰਜ ਕਰੇ, ਅਸੀਂ ਕਾਨੂੰਨ ਹੱਥ ਵਿਚ ਨਹੀਂ ਲੈਣਾ ਚਾਹੁੰਦੇ। ਇਸ ਮਗਰੋਂ ਦੋਹਾਂ ਧਿਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਖ਼ਿਲਾਫ਼ ਟਿੱਪਣੀਆਂ ਕੀਤੀਆਂ ਗਈਆਂ, ਜਿਸ ਮਗਰੋਂ ਅੱਜ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਮਾਹੌਲ ਤਣਾਅਪੂਰਨ ਹੋ ਗਿਆ ਸੀ।
ਮਾਮਲਾ ਪੂਰੀ ਤਰ੍ਹਾਂ ਸ਼ਾਂਤ, ਅਫ਼ਵਾਹਾਂ 'ਤੇ ਧਿਆਨ ਨਾ ਦਿਓ: ਏ. ਸੀ. ਪੀ.
ਏ. ਸੀ. ਪੀ. (ਸਿਵਿਲ ਲਾਈਨ) ਸਰਬਜੀਤ ਸਿੰਘ ਚੀਮਾ ਨੇ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਅੱਜ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੈਦਾ ਹੋਇਆ ਤਣਾਅ ਮਹਿਜ਼ ਇਕ ਗਲਤਫ਼ਹਿਮੀ ਅਤੇ ਦੋਹਾਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ਕਾਰਨ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਆਗੂਆਂ ਦੀ ਡੀ. ਸੀ.ਪੀ. ਦੇ ਨਾਲ ਸ਼ਾਂਤਮਈ ਭੈਠਕ ਹੋਈ ਸੀ। ਜਦੋਂ ਉਹ ਬਾਹਰ ਜਾ ਰਹੇ ਸਨ ਤਾਂ ਦੂਜੇ ਪਾਸਿਓਂ ਆ ਰਹੇ ਨਿਹੰਗ ਸਿੰਘ ਨੇੜਲੇ ਢਾਬੇ ਵੱਲ ਜਾਣ ਲੱਗੇ। ਦੋਹਾਂ ਧਿਰਾਂ ਨੂੰ ਲੱਗਿਆ ਕਿ ਉਹ ਇਕ ਦੂਜੇ ਵੱਲ ਆ ਰਹੇ ਹਨ, ਜਿਸ ਕਾਰਨ ਬਹਿਸ ਹੋ ਗਈ। ਏ. ਸੀ. ਪੀ. ਚੀਮਾ ਨੇ ਕਿਹਾ ਕਿ ਪੁਲਸ ਨੇ ਮੌਕੇ 'ਤੇ ਹੀ ਦੋਹਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਪੂਰੀ ਤਰ੍ਹਾਂ ਸ਼ਾਂਤ ਕਰਵਾ ਕੇ ਨਬੇੜ ਦਿੱਤਾ ਹੈ। ਸ਼ਹਿਰ ਵਿਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਅਮਨ-ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
