ਲੁਧਿਆਣੇ ਦੀਆਂ 25 ਜ਼ਿਲ੍ਹਾ ਪ੍ਰੀਸ਼ਦ ਅਤੇ 235 ਬਲਾਕ ਸੰਮਤੀ ਸੀਟਾਂ ਲਈ 885 ਉਮੀਦਵਾਰਾਂ ਵਿਚਾਲੇ ਟੱਕਰ

Saturday, Dec 13, 2025 - 06:43 PM (IST)

ਲੁਧਿਆਣੇ ਦੀਆਂ 25 ਜ਼ਿਲ੍ਹਾ ਪ੍ਰੀਸ਼ਦ ਅਤੇ 235 ਬਲਾਕ ਸੰਮਤੀ ਸੀਟਾਂ ਲਈ 885 ਉਮੀਦਵਾਰਾਂ ਵਿਚਾਲੇ ਟੱਕਰ

ਲੁਧਿਆਣਾ (ਖ਼ੁਰਾਨਾ)- ਐਤਵਾਰ ਨੂੰ 12,45,275 ਵੋਟਰ ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਸੀਟਾਂ ਅਤੇ ਬਲਾਕ ਸੰਮਤੀ ਦੀਆਂ 235 ਸੀਟਾਂ ਲਈ ਚੋਣ ਮੈਦਾਨ ਵਿਚ ਉਤਰੇ 885 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇੱਥੇ 1639 ਪੋਲਿੰਗ ਬੂਥਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਕੁੱਲ 1245275 ਵੋਟਰ ਹਨ ਜਿਨ੍ਹਾਂ ਵਿਚ 662498 ਪੁਰਸ਼, 582762 ਔਰਤਾਂ ਅਤੇ 15 ਹੋਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਲਗਭਗ 10000 ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ 1639 ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਭੇਜਿਆ ਗਿਆ ਹੈ। ਕੁੱਲ 1639 ਪੋਲਿੰਗ ਬੂਥ ਹੋਣਗੇ ਜਿਨ੍ਹਾਂ ਵਿੱਚ 316 ਸੰਵੇਦਨਸ਼ੀਲ ਬੂਥ ਅਤੇ 92 ਅਤਿ ਸੰਵੇਦਨਸ਼ੀਲ ਬੂਥ ਸ਼ਾਮਲ ਹਨ। ਚੋਣਾਂ ਲਈ ਕੁੱਲ 1178 ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 32 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਵਾਪਸੀ ਤੋਂ ਬਾਅਦ, 890 ਉਮੀਦਵਾਰ ਬਚੇ ਸਨ ਅਤੇ ਉਨ੍ਹਾਂ ਵਿੱਚੋਂ ਪੰਜ ਬਿਨਾਂ ਮੁਕਾਬਲਾ ਚੁਣੇ ਗਏ ਸਨ। ਹੁਣ 885 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।

ਉਨ੍ਹਾਂ ਨੇ ਸਮੁੱਚੇ ਚੋਣ ਅਮਲੇ ਨੂੰ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਵੋਟਰ ਆਪਣੀ ਵੋਟ ਸੁਚਾਰੂ ਅਤੇ ਪਰੇਸ਼ਾਨੀ ਤੋਂ ਰਹਿਤ ਪਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਦੇ ਮੋਢਿਆਂ 'ਤੇ ਪੂਰੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਪੂਰਾ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ।  ਉਨ੍ਹਾਂ ਨੇ ਪੋਲਿੰਗ ਪਾਰਟੀਆਂ ਨੂੰ ਇਸ ਪ੍ਰਕਿਰਿਆ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਪੋਲਿੰਗ ਪਾਰਟੀਆਂ ਅਤੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਵਿਸਥਾਰਤ ਪ੍ਰਬੰਧ ਕੀਤੇ ਗਏ ਹਨ। ਹਿਮਾਂਸ਼ੂ ਜੈਨ ਨੇ ਵੋਟਰਾਂ ਨੂੰ ਚੋਣਾਂ ਵਾਲੇ ਦਿਨ ਵੱਡੀ ਗਿਣਤੀ ਵਿਚ ਵੋਟ ਪਾਉਣ ਲਈ ਬਾਹਰ ਆ ਕੇ ਵੋਟ ਪਾਉਣ ਦਾ ਨਵਾਂ ਰਿਕਾਰਡ ਕਾਇਮ ਕਰਨ ਲਈ ਉਤਸ਼ਾਹਿਤ ਕੀਤਾ।


author

Anmol Tagra

Content Editor

Related News