ਤੇਜ਼ ਰਫ਼ਤਾਰ ਫਾਰਚੂਨਰ ਟੱਕਰ ਤੋਂ ਬਾਅਦ ਉਛਲ ਕੇ ਸੈਲਫੀ ਪੁਆਇੰਟ ’ਚ ਜਾ ਵੜੀ, 2 ਜ਼ਖਮੀ
Tuesday, Mar 10, 2026 - 10:50 AM (IST)
ਲੁਧਿਆਣਾ (ਗੌਤਮ) : ਸੋਮਵਾਰ ਦੇਰ ਰਾਤ ਭਾਰਤ ਨਗਰ ਵਿਚ ਤੇਜ਼ ਰਫ਼ਤਾਰ ਫਾਰਚੂਨਰ ਦੇ ਡਰਾਈਵਰ ਵਲੋਂ ਸੰਤੁਲਨ ਗੁਆਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚੂਨਰ ਕਰੀਬ 3 ਫੁੱਟ ਉਛਲ ਗਈ ਅਤੇ ਚੌਕ ਵਿਚ ਬਣੇ ਸੈਲਫੀ ਪੁਆਇੰਟ ਨੂੰ ਪਾਰ ਕਰ ਕੇ ਅੰਦਰ ਜਾ ਵੜੀ। ਫਾਰਚੂਨਰ ਵਿਚ ਚਾਲਕ ਸਮੇਤ ਦੋ ਲੋਕ ਸਵਾਰ ਸਨ, ਜੋ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਉੱਥੇ ਰਾਹਗੀਰਾਂ ਦਾ ਇਕੱਠ ਹੋ ਗਿਆ। ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਪਾਇਲ ਗੋਲੀਬਾਰੀ ਕਾਂਡ: ਮ੍ਰਿਤਕ ਸਤਨਾਮ ਦੀ ਪਤਨੀ ਵੱਲੋਂ ਨਿਰਪੱਖ ਜਾਂਚ ਤੇ ਪਰਿਵਾਰ ਲਈ ਮਦਦ ਦੀ ਅਪੀਲ
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਲੇ ਰੰਗ ਦੀ ਫਾਰਚੂਨਰ ਮਾਲ ਰੋਡ ਵੱਲ ਆ ਰਹੀ ਸੀ, ਜੋ ਕਿ ਕਾਫ਼ੀ ਓਵਰ-ਸਪੀਡ (ਤੇਜ਼ ਰਫ਼ਤਾਰ) ਵਿਚ ਸੀ। ਚੌਕ ਵਿਚ ਪਹੁੰਚਦਿਆਂ ਹੀ ਕਾਰ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਚੌਕ ਵਿਚ ਬਣੇ ਸੈਲਫੀ ਪੁਆਇੰਟ ਦੀ ਬਾਊਂਡਰੀ ਨਾਲ ਜਾ ਟਕਰਾਈ। ਟਕਰਾਉਣ ਤੋਂ ਬਾਅਦ ਗੱਡੀ ਉਛਲ ਕੇ ਅੰਦਰ ਜਾ ਵੜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੱਡਾ ਧਮਾਕਾ ਹੋਇਆ। ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਕਾਰਵਾਈ ਕਰਦੇ ਹੋਏ ਨੁਕਸਾਨੀ ਗਈ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
