ਲੁਧਿਆਣਾ ਦੇ ਨੌਜਵਾਨ ਨੇ 40 ਟਨ ਦਾ ਵਜ਼ਨ ਖਿੱਚ ਬਣਾਇਆ ਨਵਾਂ ਰਿਕਾਰਡ
Tuesday, Oct 29, 2019 - 04:47 PM (IST)
ਲੁਧਿਆਣਾ (ਨਰਿੰਦਰ) - ਸਾਡੇ ਦੇਸ਼ ਦੇ ਨੌਜਵਾਨ ਕਿਸੇ ਵੀ ਖੇਤਰ 'ਚ ਕਿਸੇ ਨਾਲੋਂ ਘੱਟ ਨਹੀਂ ਹਨ, ਜਿਸ ਸਦਕਾ ਉਹ ਹੁਣ ਕੌਮਾਂਤਰੀ ਪੱਧਰ ਦੇ ਤਗਮੇ ਵੀ ਆਪਣੇ ਨਾਂ ਕਰ ਰਹੇ ਹਨ। ਦੇਸ਼ ਦੇ ਬਾਕੀ ਨੌਜਵਾਨਾਂ ਦੀ ਤਰ੍ਹਾਂ ਲੁਧਿਆਣਾ 'ਚ ਰਹਿ ਰਹੇ ਨੌਜਵਾਨ ਸ਼ਰਨਦੀਪ ਸਿੰਘ ਨੇ ਵੀ ਨਵਾਂ ਰਿਕਾਰਡ ਕਾਇਮ ਕਰਦੇ ਹੋਏ 40 ਟਨ ਦਾ ਵਜ਼ਨ ਖਿੱਚਿਆ ਹੈ, ਜਿਸ ਕਾਰਨ ਉਸ ਦਾ ਨਾਂ ਵਿਸ਼ਵ ਰਿਕਾਰਡ 'ਚ ਦਰਜ ਹੋ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਨਦੀਪ ਨੇ ਦੱਸਿਆ ਕਿ ਉਸ ਨੇ 14 ਸਾਲ ਦੀ ਉਮਰ 'ਚ ਵੇਟ ਲਿਫਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸੇ ਉਮਰ 'ਚ ਉਹ ਮੋਟਰਸਾਈਕਲ ਵੀ ਚੁੱਕ ਲੈਂਦਾ ਸੀ ਅਤੇ ਹੁਣ ਉਹ 40 ਟਨ ਦੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਖਿੱਚ ਸਕਦਾ ਹੈ। ਕੌਮੀ ਪੱਧਰ ਦੇ ਬਹੁਤ ਸਾਰੇ ਮੁਕਾਬਲੇ ਜਿੱਤ ਕੇ ਉਹ ਆਪਣੇ ਨਾਂ ਕਰ ਚੁੱਕਾ ਹੈ।
ਉਸ ਨੇ ਦੱਸਿਆ ਕਿ ਉਨ੍ਹਾਂ ਦੇ ਕੋਚ ਨੇ ਹੀ ਗੁੱਟ ਨੂੰ ਮਜ਼ਬੂਤ ਕਰਨ ਲਈ ਉਸ ਨੂੰ ਗੱਡੀ ਖਿੱਚਣ ਲਈ ਆਖਿਆ ਸੀ। ਖਿੱਚਣ ਦੀ ਸ਼ੁਰੂਆਤ ਛੋਟੀ ਗੱਡੀ ਤੋਂ ਸ਼ੁਰੂਆਤ ਕਰਦਿਆਂ ਅੱਜ ਉਹ 40 ਟਨ ਵਜ਼ਨੀ ਫਾਇਰ ਬ੍ਰਿਗੇਡ ਖਿੱਚ ਸਕਦੀ ਹੈ, ਜਿਸ ਦੀ ਪਰਮਿਸ਼ਨ ਉਸ ਨੇ ਵਿਭਾਗ ਤੋਂ ਲਈ ਸੀ। ਉਸ ਨੇ ਦੱਸਿਆ ਕਿ ਹੁਣ ਉਸ ਦਾ ਮੁੱਖ ਟੀਚਾ ਟਰੇਨ ਖਿੱਚਣ ਦਾ ਹੈ। ਉਸ ਨੇ ਕਿਹਾ ਕਿ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਾਲੇ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਉਸ ਦਾ ਨਾਂ ਗਿਨੀਜ਼ ਬੁੱਕ 'ਚ ਦਰਜ ਕਰ ਲੈਣਗੇ। ਉਸ ਨੂੰ ਪੂਰੀ ਉਮੀਦ ਹੈ ਕਿ ਉਹ ਇਸ ਕੰਮ 'ਚ ਕਾਮਯਾਬ ਜ਼ਰੂਰ ਹੋਵੇਗਾ ਅਤੇ ਵਿਸ਼ਵ 'ਚ ਆਪਣੀ ਵੱਖਰੀ ਪਛਾਣ ਬਣਾ ਸਕੇਗਾ।