ਸੜਕਾਂ ਕਿਨਾਰੇ ਝੁਕੇ ਦਰਖੱਤ ਬਣੇ ਮੌਤ ਦੇ ਫਾਹੇ! ਲੁਧਿਆਣਾ ਜ਼ਿਲ੍ਹੇ ''ਚ ਹਾਦਸਿਆਂ ਦਾ ਵਧਦਾ ਖ਼ਤਰਾ
Wednesday, Feb 18, 2026 - 07:40 PM (IST)
ਹਲਵਾਰਾ (ਲਾਡੀ) : ਸੜਕ ਹਾਦਸਿਆਂ ਦੇ ਕਾਰਨਾਂ ਵਜੋਂ ਅਕਸਰ ਤੇਜ਼ ਰਫ਼ਤਾਰ, ਨਸ਼ੇ ਵਿੱਚ ਡਰਾਈਵਿੰਗ, ਨੀਂਦ ਦੀ ਘਾਟ, ਮੋਬਾਈਲ ਫੋਨ ਦੀ ਵਰਤੋਂ ਜਾਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਇਲਾਕੇ ਦੀਆਂ ਕਈ ਸੜਕਾਂ ਉੱਤੇ ਦਰਖੱਤਾਂ ਦੀ ਖ਼ਤਰਨਾਕ ਹਾਲਤ ਵੀ ਹਾਦਸਿਆਂ ਦਾ ਇੱਕ ਵੱਡਾ ਕਾਰਨ ਬਣ ਰਹੀ ਹੈ। ਸੜਕਾਂ ਦੇ ਦੋਵੇਂ ਪਾਸਿਆਂ ਲਗੇ ਦਰਖੱਤਾਂ ਦੇ ਝੁਕੇ ਹੋਏ ਟਾਹਣੇ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ।
ਕਈ ਥਾਵਾਂ ’ਤੇ ਦਰਖੱਤਾਂ ਦੇ ਟਾਹਣੇ ਸੜਕ ਵੱਲ ਇੰਨਾ ਝੁਕ ਗਏ ਹਨ ਕਿ ਵੱਡੇ ਵਾਹਨ ਜਿਵੇਂ ਤੂੜੀ ਜਾਂ ਬੋਰੀਆਂ ਨਾਲ ਭਰੇ ਟਰੱਕ ਅਤੇ ਟਰਾਲੀਆਂ ਅਕਸਰ ਉਨ੍ਹਾਂ ਵਿੱਚ ਫਸ ਜਾਂਦੇ ਹਨ। ਕੁਝ ਦਰਖੱਤਾਂ ਦੇ ਟੁੱਟੇ ਹੋਏ ਟਾਹਣੇ ਸੜਕ ਦੇ ਉੱਪਰ ਲਟਕਦੇ ਰਹਿੰਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਅਚਾਨਕ ਮੋੜ ਲੈਣਾ ਪੈਂਦਾ ਹੈ ਅਤੇ ਹਾਦਸੇ ਵਾਪਰ ਜਾਂਦੇ ਹਨ। ਕਈ ਮਾਮਲਿਆਂ ਵਿੱਚ ਵਾਹਨ ਸਿੱਧੇ ਦਰਖੱਤਾਂ ਨਾਲ ਟਕਰਾ ਚੁੱਕੇ ਹਨ, ਜਿਨ੍ਹਾਂ ਦੌਰਾਨ ਮੌਤਾਂ ਵੀ ਹੋਈਆਂ ਹਨ।
ਜੰਗਲਾਤ ਵਿਭਾਗ ਵੱਲੋਂ ਅਣਦੇਖੀ?
ਸੜਕਾਂ ਦੇ ਕਿਨਾਰਿਆਂ ਉੱਤੇ ਦਰਖੱਤ ਲਗਾਉਣ ਦੀ ਜ਼ਿੰਮੇਵਾਰੀ ਜੰਗਲਾਤ ਵਿਭਾਗ ਦੀ ਹੁੰਦੀ ਹੈ, ਪਰ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਬਾਅਦ ਵਿੱਚ ਉਨ੍ਹਾਂ ਦੀ ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਝੁਕੇ ਜਾਂ ਟੁੱਟੇ ਟਾਹਣਿਆਂ ਦੀ ਸਮੇਂ ਸਿਰ ਛੰਟਾਈ ਨਾ ਹੋਣ ਕਾਰਨ ਖਤਰਾ ਲਗਾਤਾਰ ਵਧ ਰਿਹਾ ਹੈ। ਪਿੰਡ ਤਲਵੰਡੀ ਰਾਏ ਤੋਂ ਰਾਜੋਆਣੇ ਕਲਾਂ ਨੂੰ ਜਾਣ ਵਾਲੀ ਸੜਕ ’ਤੇ ਤਾਂ ਇੱਕ ਧਾਰਮਿਕ ਢਾਂਚਾ ਵੀ ਸੜਕ ਦੇ ਵਿਚਕਾਰ ਬਣਿਆ ਹੋਇਆ ਹੈ, ਜਿਸ ਨਾਲ ਅੱਧੀ ਸੜਕ ਰੁਕਦੀ ਹੈ ਅਤੇ ਹਾਦਸਿਆਂ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ।

ਕੰਡਿਆਂ ਵਾਲੀਆਂ ਕਿੱਕਰਾਂ ਬਣੀਆਂ ਪਰੇਸ਼ਾਨੀ
ਕਈ ਸੜਕਾਂ ਦੇ ਕਿਨਾਰੇ ਉੱਗੀਆਂ ਪਹਾੜੀ ਕਿੱਕਰਾਂ ਦੇ ਕੰਡੇ ਪੈਦਲ ਲੰਘਣ ਵਾਲਿਆਂ ਅਤੇ ਦੋ-ਪਹੀਆ ਵਾਹਨ ਚਾਲਕਾਂ ਲਈ ਵੱਡੀ ਮੁਸ਼ਕਲ ਬਣ ਰਹੇ ਹਨ। ਖਾਸ ਕਰਕੇ ਸਕੂਟਰ, ਮੋਟਰਸਾਈਕਲ ਅਤੇ ਸਾਈਕਲ ਸਵਾਰਾਂ ਨੂੰ ਇਨ੍ਹਾਂ ਨਾਲ ਗੰਭੀਰ ਚੋਟਾਂ ਦਾ ਖਤਰਾ ਬਣਿਆ ਰਹਿੰਦਾ ਹੈ।
ਰੇਂਜ ਅਫ਼ਸਰ ਦਾ ਕੀ ਕਹਿਣਾ?
ਵਣ ਵਿਭਾਗ ਦੇ ਰੇਂਜ ਅਫ਼ਸਰ ਸੁਖਪਾਲ ਸਿੰਘ ਬੱਸੀਆਂ ਨੇ ਕਿਹਾ ਕਿ ਜਦੋਂ ਵੀ ਕਿਸੇ ਝੁਕੇ ਦਰਖੱਤ ਬਾਰੇ ਸ਼ਿਕਾਇਤ ਮਿਲਦੀ ਹੈ ਤਾਂ ਨਿਯਮਾਂ ਅਨੁਸਾਰ ਤੁਰੰਤ ਟਾਹਣਿਆਂ ਦੀ ਛੰਟਾਈ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਸੜਕ ’ਤੇ ਅਜਿਹਾ ਖਤਰਾ ਨਜ਼ਰ ਆਵੇ ਤਾਂ ਤੁਰੰਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਹਾਦਸਿਆਂ ਦੇ ਅੰਕੜੇ ਚਿੰਤਾਜਨਕ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਸਾਲ 2023 ਦੌਰਾਨ ਲੁਧਿਆਣਾ ਜ਼ਿਲ੍ਹੇ ਵਿੱਚ 504 ਭਿਆਨਕ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ ਲਗਭਗ 402 ਲੋਕਾਂ ਦੀ ਮੌਤ ਹੋਈ। 2024 ਵਿੱਚ 483 ਹਾਦਸਿਆਂ ਵਿੱਚ 376 ਲੋਕਾਂ ਨੇ ਜਾਨ ਗੁਆਈ, ਜਦਕਿ 199 ਤੋਂ ਵੱਧ ਲੋਕ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਕਈ ਲੋਕ ਸਦੀਵੀ ਅਪਾਹਜ ਹੋ ਗਏ।

ਸਮਾਜ ਸੇਵਕਾਂ ਦੀ ਮੰਗ
ਪ੍ਰਸਿੱਧ ਸਮਾਜ ਸੇਵਕ ਅਤੇ ਐਨਆਰਆਈ ਮਹਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਧਾਲੀਵਾਲ ਅਤੇ ਰਜਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕਿਨਾਰਿਆਂ ਉਲਰੇ ਪਏ ਦਰਖੱਤਾਂ ਦੀ ਤੁਰੰਤ ਛੰਟਾਈ ਕਰਵਾਈ ਜਾਵੇ ਅਤੇ ਖਤਰਨਾਕ ਥਾਵਾਂ ਦੀ ਪਹਿਚਾਣ ਕਰਕੇ ਢੁਕਵੇਂ ਕਦਮ ਚੁੱਕੇ ਜਾਣ।
ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਕੀਮਤੀ ਜਾਨਾਂ ਜਾ ਸਕਦੀਆਂ ਹਨ। ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਹਾਦਸਿਆਂ ਵਿੱਚ ਕਮੀ ਆ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
