ਦੋਸਤ ਦੀ Love Marriage ''ਚ ਗਵਾਹੀ ਪਾਉਣ ਵਾਲੇ ਨੂੰ ਚੁੱਕ ਕੇ ਲੈ ਗਏ ਕੁੜੀ ਵਾਲੇ ਤੇ ਫ਼ਿਰ...
Wednesday, Apr 23, 2025 - 03:13 PM (IST)

ਲੁਧਿਆਣਾ (ਪੰਕਜ)- ਬੇਟੀ ਵੱਲੋਂ ਕੀਤੇ ਪ੍ਰੇਮ ਵਿਆਹ ਵਿਚ ਗਵਾਹੀ ਪਾਉਣ ਦੇ ਸ਼ੱਕ ’ਚ ਟਿੱਕੀ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੂੰ ਜਬਰੀ ਘਰੋਂ ਅਗਵਾ ਕਰ ਕੇ ਨਾਜਾਇਜ਼ ਹਿਰਾਸਤ ’ਚ ਰੱਖ ਕੇ ਕੁੱਟਮਾਰ ਕਰਨ ਵਾਲੇ 7 ਮੁਲਜ਼ਮਾਂ ਨੂੰ ਪੁਲਸ ਨੇ 3 ਘੰਟਿਆਂ ਅੰਦਰ ਗ੍ਰਿਫਤਾਰ ਕਰਦੇ ਹੋਏ ਪੀੜਤ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੰਡੇਗੀ Smart Phones, ਦੁੱਗਣੇ ਕੀਤੇ ਜਾਣਗੇ ਭੱਤੇ!
ਘਟਨਾ ਥਾਣਾ ਡਾਬਾ ਦੇ ਅਧੀਨ ਪੈਂਦੇ ਸੁਰਜੀਤ ਨਗਰ ਦੀ ਹੈ, ਜਿਥੇ ਰਹਿਣ ਵਾਲੇ ਰਾਮ ਦਿਆਲ (35) ਜੋ ਕਿ ਟਿੱਕੀਆਂ ਦੀ ਰੇਹੜੀ ਲਗਾਉਂਦਾ ਹੈ, ਨੂੰ ਦੇਰ ਰਾਤ ਕਾਰ ਅਤੇ ਮੋਟਰਸਾਈਕਲ ਸਵਾਰ ਇਕ ਦਰਜਨ ਦੇ ਕਰੀਬ ਮੁਲਜ਼ਮਾਂ ਨੇ ਹਥਿਆਰਾਂ ਦੀ ਨੋਕ ’ਤੇ ਜਬਰੀ ਘਰੋਂ ਅਗਵਾ ਕਰ ਲਿਆ। ਇਸੇ ਦੌਰਾਨ ਪੀੜਤ ਦੇ ਭਰਾ ਰਮੇਸ਼ ਕੁਮਾਰ ਪੁੱਤਰ ਬੱਦਰੀ ਪ੍ਰਸਾਦ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।
ਏ. ਡੀ. ਸੀ. ਪੀ. ਕਰਣਵੀਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਵਾ ਦੀ ਜਾਣਕਾਰੀ ਮਿਲਦੇ ਹੀ ਏ. ਸੀ. ਪੀ. ਸਤਵਿੰਦਰ ਵਿਰਕ ਅਤੇ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਪੁਲਸ ਫੋਰਸ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਵਾਰਦਾਤ ਤੋਂ 3 ਘੰਟਿਆਂ ਅੰਦਰ ਪੀੜਤ ਨੂੰ ਮੁਲਜ਼ਮਾਂ ਨੇ ਜਿਸ ਜਗ੍ਹਾ ’ਤੇ ਜਬਰੀ ਬੰਦੀ ਬਣਾ ਕੇ ਰੱਖਿਆ ਹੋਇਅਾ ਸੀ, ਉਥੇ ਛਾਪੇਮਾਰੀ ਕਰਦੇ ਹੋਏ ਨਾ ਸਿਰਫ ਉਸ ਨੂੰ ਸਹੀ ਸਲਾਮਤ ਛੁੱਡਵਾ ਲਿਆ, ਸਗੋਂ 7 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਸੁਰੇਸ਼ ਰਾਜਪੂਤ ਦੀ ਬੇਟੀ ਨੇ ਰਾਮ ਦਿਆਲ ਦੇ ਦੋਸਤ ਰਾਜਨ ਨਾਲ ਪ੍ਰੇਮ ਵਿਆਹ ਕੀਤਾ ਸੀ ਅਤੇ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਰਾਮ ਦਿਆਲ ਨਾ ਸਿਰਫ ਪ੍ਰੇਮ ਵਿਆਹ ’ਚ ਗਵਾਹ ਬਣਿਆ ਸੀ, ਸਗੋਂ ਹੁਣ ਵੀ ਉਨ੍ਹਾਂ ਦੀ ਮਦਦ ਕਰ ਰਿਹਾ ਸੀ।
ਇਸੇ ਰੰਜਿਸ਼ ਤਹਿਤ ਸੁਰੇਸ਼ ਰਾਜਪੂਤ ਨੇ ਆਪਣੇ ਨਾਲ ਦਰਜਨ ਦੇ ਕਰੀਬ ਸਾਥੀਆਂ, ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਨੂੰ ਨਾਲ ਲੈ ਕੇ ਰਾਮ ਦਿਆਲ ਨੂੰ ਅਗਵਾ ਕੀਤਾ ਸੀ। ਪਹਿਲਾਂ ਤਾਂ ਮੁਲਜ਼ਮ ਪੀੜਤ ਨੂੰ ਕਾਰ ’ਚ ਪਾ ਕੇ ਇਕ ਤੋਂ ਦੂਜੀ ਜਗ੍ਹਾ ’ਤੇ ਘੁੰਮਾਉਂਦੇ ਰਹੇ ਅਤੇ ਕੁੱਟਮਾਰ ਕਰਦੇ ਰਹੇ, ਜਿਸ ਤੋਂ ਬਾਅਦ ਉਸ ਨੂੰ ਲੈ ਕੇ ਪਾਖਰ ਕਾਲੋਨੀ ਸਥਿਤ ਰਾਕੇਸ਼ ਕੁਮਾਰ ਪੁੱਤਰ ਭਾਰਤ ਲਾਲ ਦੇ ਘਰ ਲੈ ਗਏ, ਜਿਥੇ ਮੁਲਜ਼ਮਾਂ ਨੇ ਰਾਕੇਸ਼ ਕੁਮਾਰ ਨੂੰ ਵੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਛੁੱਟੀਆਂ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਇਸ ਦੀ ਜਾਣਕਾਰੀ ਮਿਲਣ ’ਤੇ ਪੁਲਸ ਪਾਰਟੀ ਨੇ 7 ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਨਰੇਸ਼ ਕੁਮਾਰ ਪੁੱਤਰ ਪ੍ਰਿਤਪਾਲ ਵਾਸੀ ਗੁਰੂ ਅਮਰਦਾਸ ਕਾਲੋਨੀ, ਸੰਦੀਪ ਪੁੱਤਰ ਪ੍ਰਿਤਪਾਲ, ਅਮਰਨਾਥ ਪੁੱਤਰ ਕਰਮ ਸਿੰਘ, ਵਰੁਣ ਪੁੱਤਰ ਪ੍ਰਵੀਨ, ਜਤਿੰਦਰ ਪੁੱਤਰ ਲਲਨ ਸ਼ਾਹ, ਪ੍ਰਮੋਦ ਪੁੱਤਰ ਲਲਨ ਸ਼ਾਹ ਅਤੇ ਪੁਸ਼ਪਾ ਪਤਨੀ ਸੁਰੇਸ਼ ਰਾਜਪੂਤ ਵਜੋਂ ਹਈ ਹੈ, ਨੂੰ ਮੌਕੇ ’ਤੇ ਹੀ ਕਾਬੂ ਕਰਦੇ ਹੋਏ ਉਨ੍ਹਾਂ ਕਬਜ਼ੇ ’ਚੋਂ ਅਗਵਾ ਦੌਰਾਨ ਵਰਤੀ ਗਈ ਕਾਰ, ਤੇਜ਼ਧਾਰ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਵਾਰਦਾਤ ’ਚ ਸ਼ਾਮਲ ਅਤੇ ਮਾਸਟਰਮਾਈਂਡ ਸੁਰੇਸ਼ ਰਾਜਪੂਤ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਜਦੋਂਕਿ ਪੁਲਸ ਨੇ ਵਾਰਦਾਤ ਵਿਚ ਸ਼ਾਮਲ ਸੁਰੇਸ਼ ਦੀ ਪਤਨੀ ਪੁਸ਼ਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8