ਪੰਜਾਬ ''ਚ ਰਸੋਈ ਗੈਸ ਸਿਲੰਡਰ ਦੀ ਲੁੱਟ! ਘਰ ਲਈ ਸਿਲੰਡਰ ਲੈ ਕੇ ਆ ਰਹੇ ਬੰਦੇ ਨੂੰ ਪੈ ਗਏ ਲੁਟੇਰੇ
Friday, Mar 13, 2026 - 05:11 PM (IST)
ਲੁਧਿਆਣਾ: ਈਰਾਨ-ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਪੈਟ੍ਰੋਲੀਅਮ ਸਪਲਾਈ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਕਾਰਨ ਲੋਕਾਂ ਵਿਚ ਹੜਬੜਾਹਟ ਪਾਈ ਜਾ ਰਹੀ ਹੈ। ਹਾਲਾਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੋਈ ਕਿੱਲਤ ਨਹੀਂ ਹੈ ਤੇ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਵੀ ਆਖੀ ਜਾ ਰਹੀ ਹੈ। ਇਸ ਦੇ ਬਾਵਜੂਦ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਅੱਜ ਲੁਧਿਆਣਾ ਵਿਚ ਰਸੋਈ ਗੈਸ ਸਿਲੰਡਰ ਲੁੱਟੇ ਜਾਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸ਼ਾਂਤੀ ਨਗਰ ਵਿਚ ਰਮੇਸ਼ ਕੁਮਾਰ ਨਾਂ ਦਾ ਵਿਅਕਤੀ ਘਰ ਦੇ ਲਈ ਗੈਸ ਸਿਲੰਡਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਐਕਟਿਵਾ 'ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਤੇ ਉਸ ਦਾ ਸਾਈਕਲ ਰੋਕ ਲਿਆ। ਇਨ੍ਹਾਂ ਨੌਜਵਾਨਾਂ ਨੇ ਉਸ ਦਾ ਸਿਲੰਡਰ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਰਮੇਸ਼ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਖੰਜਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਤੋਂ ਸਿਲੰਡਰ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਇਸੇ ਤਰ੍ਹਾਂ ਲੁਧਿਆਣਾ ਵਿਚ ਸ਼ੇਰਪੁਰ ਵਿਚ ਵੀ ਗੈਸ ਸਿਲੰਡਰਾਂ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਲੋਕ ਸਿਲੰਡਰ ਨਾ ਮਿਲਣ 'ਤੇ ਰੋਸ ਪ੍ਰਦਰਸ਼ਨ ਕਰਨ ਲੱਗ ਪਏ। ਜਦੋਂ ਉੱਥੇ ਇਕ ਗੱਡੀ ਵਿਚ ਸਿਲੰਡਰ ਭੇਜੇ ਗਏ ਤਾਂ ਲੋਕ ਕਾਹਲੇ ਪੈ ਗਏ ਤੇ ਪਹਿਲਾਂ ਸਿਲੰਡਰ ਲੈਣ ਲਈ ਹਫੜਾ-ਦਫੜੀ ਮਚਾ ਦਿੱਤੀ। ਇਸ ਥਾਂ 'ਤੇ ਲੋਕ ਸਿਲੰਡਰ ਚੁੱਕ ਕੇ ਤੇਜ਼ੀ ਨਾਲ ਭਜਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
