Punjab: ਗੋਲਗੱਪੇ ਦੀ ਰੇਹੜੀ ''ਤੇ ਚੱਲ ਗਈਆਂ ਗੋਲ਼ੀਆਂ, ਸਹੁਰਿਆਂ ਨੇ ਮਾਰ''ਤਾ ਜਵਾਈ, ਰੋਂਦੀ ਕੁਰਲਾਉਂਦੀ ਰਹਿ ਗਈ ਧੀ

Thursday, Apr 24, 2025 - 03:14 PM (IST)

Punjab: ਗੋਲਗੱਪੇ ਦੀ ਰੇਹੜੀ ''ਤੇ ਚੱਲ ਗਈਆਂ ਗੋਲ਼ੀਆਂ, ਸਹੁਰਿਆਂ ਨੇ ਮਾਰ''ਤਾ ਜਵਾਈ, ਰੋਂਦੀ ਕੁਰਲਾਉਂਦੀ ਰਹਿ ਗਈ ਧੀ

ਲੁਧਿਆਣਾ (ਗੌਤਮ/ਰਿਸ਼ੀ)- ਇਸ਼ਰ ਨਗਰ ’ਚ ਬਾਈਕ ਸਵਾਰ 2 ਨੌਜਵਾਨਾਂ ਨੇ ਰੇਹੜੀ ਲੈ ਕੇ ਜਾ ਰਹੇ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਗੋਲ਼ੀ ਨੌਜਵਾਨ ਦੀ ਛਾਤੀ ’ਚ ਲੱਗੀ। ਪਤਾ ਲਗਦੇ ਹੀ ਨੌਜਵਾਨ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਗੋਲਗੱਪੇ ਦੀ ਰੇਹੜੀ ਲਗਾਉਂਦਾ ਸੀ। ਪਤਾ ਲਗਦੇ ਹੀ ਥਾਣਾ ਸਦਰ ਦੇ ਇੰਸ. ਅਵਤਾਰ ਸਿੰਘ ਅਤੇ ਮਰਾਡੋ ਚੌਕੀ ਇੰਚਾਰਜ ਸੁਨੀਲ ਕੁਮਾਰ ਮੌਕੇ ’ਤੇ ਪੁੱਜ ਗਏ। 

ਇਹ ਖ਼ਬਰ ਵੀ ਪੜ੍ਹੋ - ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ

ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਨੌਜਵਾਨ ਦੀ ਲਾਸ਼ ਕਬਜ਼ੇ ’ਚ ਲੈ ਲਈ। ਨੌਜਵਾਨ ਦੀ ਪਛਾਣ ਇਸ਼ਰ ਨਗਰ ਦੇ ਰਹਿਣ ਵਾਲੇ ਸੋਨੂੰ ਸਿੰਘ ਵਜੋਂ ਕੀਤੀ ਗਈ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸੋਨੂੰ ਦੇ ਸਹੁਰੇ ਧਿਰ ਦੇ ਲੋਕਾਂ ਨੇ ਹੀ ਵਾਰਦਾਤ ਨੂੰ ਅੰਜਾਮ ਦਿਵਾਇਆ ਹੈ।

ਪਹਿਲਾਂ ਸੋਚਿਆ ਰੇਹੜੀ ਦਾ ਟਾਇਰ ਫੱਟ ਗਿਆ

ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਮੰਗਲਵਾਰ ਨੂੰ ਦੇਰ ਰਾਤ ਜੀ. ਐੱਨ. ਈ. ਕਾਲਜ ਦੇ ਪਿੱਛੇ ਧਾਰਮਿਕ ਸਮਾਗਮ ਸੀ। ਉੱਥੇ ਉਨ੍ਹਾਂ ਨੇ ਗੋਲਗੱਪੇ ਦੀ ਰੇਹੜੀ ਲਗਾਈ ਸੀ, ਜਦੋਂਕਿ ਸੋਨੂੰ ਦੇ ਸਹੁਰਾ ਧਿਰ ਦੇ ਲੋਕਾਂ ਨੇ ਵੀ ਜਾਣ-ਬੁੱਝ ਕੇ ਉੱਥੇ ਅਪਣੀ ਰੇਹੜੀ ਲਗਾ ਦਿੱਤੀ। ਰਾਤ ਨੂੰ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਸੋਨੂੰ ਨਾਲ ਆਪਣੀ ਰੇਹੜੀ ਲੈ ਕੇ ਵਾਪਸ ਘਰ ਵੱਲ ਚੱਲ ਪਿਆ, ਜਦੋਂਕਿ ਉਹ ਸੋਨੂੰ ਦੇ ਦੋਸਤ ਦੇ ਨਾਲ ਮੋਟਰਸਾਈਕਲ ’ਤੇ ਬੈਠ ਕੇ ਚੱਲ ਪਿਆ।

ਉਹ ਪਹਿਲਾਂ ਘਰ ਪੁੱਜ ਗਏ ਅਤੇ ਸੋਨੂੰ ਦਾ ਦੋਸਤ ਮੋਟਰਸਾਈਕਲ ਘਰ ਦੇ ਅੰਦਰ ਪਾਰਕ ਕਰਨ ਲਈ ਗੇਟ ਖੋਲ੍ਹ ਰਿਹਾ ਸੀ ਤਾਂ ਉਸੇ ਸਮੇਂ ਉਨ੍ਹਾਂ ਨੂੰ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਸੋਚਿਆ ਕਿ ਸੋਨੂੰ ਦੀ ਰੇਹੜੀ ਦਾ ਟਾਇਰ ਫੱਟ ਗਿਆ ਹੈ। ਜਦੋਂ ਉਹ ਉਸ ਨੂੰ ਦੇਖਣ ਲਈ ਗਿਆ ਤਾਂ ਦੇਖਿਆ ਕਿ ਸੋਨੂੰ ਖ਼ੂਨ ਨਾਲ ਲਥਪਥ ਪਿਆ ਸੀ। ਉਨ੍ਹਾਂ ਨੇ ਉੱਥੋਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਭੱਜਦੇ ਹੋਏ ਦੇਖਿਆ। ਉਹ ਸੋਨੂੰ ਨੂੰ ਲੈ ਕੇ ਹਸਪਤਾਲ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਾਪਿਆਂ ਦਾ ਇਕਲੌਤਾ ਬੇਟਾ ਸੀ ਸੋਨੂੰ

ਸੋਨੂੰ ਦੇ ਪਿਤਾ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦੀਆਂ 3 ਬੇਟੀਆਂ ਹਨ, ਜਦਿਕ ਸੋਨੂੰ ਇਕਲੌਤਾ ਬੇਟਾ ਸੀ। ਕਰੀਬ ਡੇਢ ਸਾਲ ਪਹਿਲਾਂ ਹੀ ਉਸ ਦੀ ਲਵ ਮੈਰਿਜ ਹੋਈ ਸੀ। ਉਸ ਦੇ 5 ਸਾਲ ਦਾ ਇਕ ਬੱਚਾ ਵੀ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਦੇ ਸਹੁਰੇ ਲੋਕਾਂ ’ਤੇ ਹੀ ਸ਼ੱਕ ਹੈ। ਕਈ ਵਾਰ ਉਹ ਉਸ ਨੂੰ ਧਮਕੀਆਂ ਦੇ ਚੁੱਕੇ ਹਨ। ਉਸ ਦੀ ਸੱਸ ਨੇ ਵੀ ਸੋਨੂੰ ਨੂੰ ਮਨ੍ਹਾ ਕੀਤਾ ਸੀ ਕਿ ਇਸ ਰਸਤੇ ਤੋਂ ਨਾ ਆਵੇ। 

ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਰਹਿਣਗੇ ਪੰਜਾਬ ਦੇ ਇਹ ਸ਼ਹਿਰ! ਦੁਕਾਨਾਂ ਦੇ ਨਾਲ-ਨਾਲ ਸਕੂਲ-ਕਾਲਜ ਵੀ ਬੰਦ ਕਰਨ ਦੀ ਅਪੀਲ

ਉਸ ਦੇ ਪਿਤਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਬੀਮਾਰ ਰਹਿੰਦੇ ਹਨ। ਘਰ ਦਾ ਸਾਰਾ ਖਰਚ ਸੋਨੂੰ ਹੀ ਚਲਾਉਂਦਾ ਸੀ। ਉਸ ਦੀ ਪਤਨੀ ਨੇਹਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਪੁਲਸ ਤੋਂ ਸੁਰੱਖਿਆ ਵੀ ਲਈ ਸੀ। ਉਸ ਦੇ ਪਿਤਾ ਇਸ ਵਿਆਹ ਤੋਂ ਨਾਰਾਜ਼ ਸਨ। ਕਈ ਵਾਰ ਉਨ੍ਹਾਂ ਨੇ ਧਮਕੀਆਂ ਵੀ ਦਿੱਤੀਆਂ ਸਨ।

ਵੱਖ-ਵੱਖ ਐਂਗਲਾਂ ਤੋਂ ਕਰ ਰਹੀ ਜਾਂਚ

ਇੰਸ. ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਮਾਮਲੇ ’ਚ ਵੱਖ-ਵੱਖ ਐਂਗਲਾਂ ਤੋਂ ਦੇਖ ਰਹੀ ਹੈ। ਵਾਰਦਾਤ ਵਾਲੀ ਜਗ੍ਹਾ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ ’ਚ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News