ਪੰਜਾਬ ''ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ

Wednesday, Mar 11, 2026 - 02:03 PM (IST)

ਪੰਜਾਬ ''ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ

ਲੁਧਿਆਣਾ (ਖ਼ੁਰਾਨਾ): ਇਜ਼ਰਾਈਲ-ਇਰਾਨ ਜੰਗ ਕਾਰਨ ਦੁਨੀਆ ਭਰ ਵਿਚ ਤੇਲ ਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਦਾ ਅਸਰ ਪੰਜਾਬ ਵਿਚ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਹੋਣ ਕਾਰਨ ਹਾਹਾਕਾਰ ਮਚੀ ਹੋਈ ਹੈ, ਹਾਲਾਤ ਇਹ ਬਣੇ ਹੋਏ ਹਨ ਕਿ ਸਵੇਰੇ 9 ਵਜੇ ਹੀ ਗੈਸ ਏਜੰਸੀਆਂ ਦੇ ਦਫ਼ਤਰਾਂ ਵਿਚ ਗੈਸ ਸਿਲੰਡਰ ਭਰਵਾਉਣ ਲਈ ਲੋਕਾਂ ਦੀ ਭੀੜ ਇਕੱਠੀ ਹੋਣ ਲੱਗ ਪਈ ਹੈ ਤੇ ਲੰਮੀਆਂ ਲਾਈਨਾਂ ਲੱਗਣ ਲੱਗ ਪਈਆਂ ਹਨ। 

ਅਜਿਹੇ ਵਿਚ ਜਿੱਥੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕੰਪਨੀਆਂ ਵੱਲੋਂ ਗੈਸ ਏਜੰਸੀਆਂ ਨੂੰ ਸਿਲੰਡਰਾਂ ਦੀ ਪੂਰੀ ਸਪਲਾਈ ਨਾ ਦਿੱਤੇ ਜਾਣ ਕਾਰਨ ਡੀਲਰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਗੈਸ ਕੰਪਨੀਆਂ ਵੱਲੋਂ ਇਕ ਸਿਲੰਡਰ ਲੈਣ ਤੋਂ ਬਾਅਦ 25 ਦਿਨ ਤੋਂ ਪਹਿਲਾਂ ਉਪਭੋਗਤਾਵਾਂ ਨੂੰ ਬੁਕਿੰਗ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਤੇ ਪਹੁਣ ਬੁਕਿੰਗ ਹੋਈ ਵੀ ਹੈ ਜਾਂ ਨਹੀਂ, ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਮਿਲ ਰਿਹਾ। ਸੌਖੇ ਸ਼ਬਦਾਂ ਵਿਚ ਕਹੀਏ ਤਾਂ ਕੰਪਨੀ ਵੱਲੋਂ ਬੰਦ ਕੀਤੇ ਗਏ ਸਿਸਟਮ ਨੇ ਲੋਕਾਂ ਦੀ ਪਰੇਸ਼ਾਨੀ ਵਿਚ ਹੋਰ ਵਾਧਾ ਕੀਤਾ ਹੈ। 

ਬਲੈਕ 'ਚ 3000 ਹਜ਼ਾਰ ਰੁਪਏ ਤਕ ਪਹੁੰਚੀ ਕਮਰਸ਼ੀਅਲ ਸਿਲੰਡਰ ਦੀ ਕੀਮਤ: ਸੂਤਰ

ਦੂਜੇ ਪਾਸੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬਿਲਕੁੱਲ ਠੱਪ ਪੈਣ ਕਾਰਨ ਸ਼ਹਿਰ ਦੇ ਜ਼ਿਆਦਾਤਰ ਹੋਟਲ ਰੈਸਟੋਰੈਂਟ ਤੇ ਢਾਬਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਜ਼ਿਆਦਾਤਰ ਹੋਟਲ, ਰੈਸਟੋਰੈਂਟ ਤੇ ਢਾਬੇ ਜਾਂ ਤਾਂ ਬੰਦ ਹੋ ਗਏ ਹਨ ਜਾਂ ਫ਼ਿਰ ਬੰਦ ਹੋਣ ਦੇ ਕੰਢੇ ਆ ਗਏ ਹਨ। ਇਸ ਕਾਰਨ ਘਰੇਲੂ ਤੇ ਕਰਮਸ਼ੀਅਲ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਰੋਸੇਯੋਗ ਸੂਤਰਾਂ ਮੁਤਾਬਕ, ਜ਼ਿਆਦਾਤਰ ਢਾਬਾ ਮਾਲਕ ਆਪਣਾ ਕਾਰੋਬਾਰ ਚਲਾਉਣ ਲਈ 19 ਕਿੱਲੋ ਦਾ 1800 ਰੁਪਏ ਵਾਲਾ ਕਮਰਸ਼ੀਅਲ ਸਿਲੰਡਰ 2800 ਤੋਂ 3000 ਰੁਪਏ ਤਕ ਬਲੈਕ ਵਿਚ ਖਰੀਦਣ ਨੂੰ ਮਜਬੂਰ ਹੋ ਗਏ ਹਨ। 

ਇਹ ਗੱਲ ਵੀ ਵੇਖਣ ਵਿਚ ਆਈ ਹੈ ਕਿ ਗੈਸ ਕੰਪਨੀਆਂ ਆਪ ਹੀ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਪੈਨਿਕ ਬਣਾ ਰਹੀਆਂ ਹਨ, ਕਿਉਂਕਿ ਉਪਭੋਗਤਾਵਾਂ ਵੱਲੋਂ ਮੋਬਾੀਲ ਫ਼ੋਨ ਤੋਂ  ਸਿਲੰਡਰਾਂ ਦੀ ਕਰਵਾਈ ਜਾ ਰਹੀ ਬੁਕਿੰਗ ਸਬੰਧੀ ਕੋਈ ਮੈਸੇਜ ਤਕ ਨਾ ਮਿਲਣ ਕਾਰਨ ਗੁੱਸੇ ਵਿਚ ਭੜਕੇ ਜ਼ਿਆਦਾਤਰ ਘਰੇਲੂ ਉਪਭੋਗਤਾ ਗੈਸ ਏਜੰਸੀਆਂ ਦੇ ਦਫ਼ਤਰਾਂ ਵਿਚ ਜਾ ਕੇ ਏਜੰਸੀ ਮਾਲਕਾਂ ਨੂੰ ਕਸੂਰਵਾਰ ਮੰਨਦੇ ਹੋਏ ਉਨ੍ਹਾਂ ਨਾਲ ਬਹਿਸਬਾਜ਼ੀ ਕਰ ਰਹੇ ਹਨ ਜਾਂ ਫ਼ਿਰ ਸਿਰਫ਼ ਪੈਸਿਆਂ ਦਾ ਜੁਗਾੜ ਲਗਾ ਕੇ ਸਿਲੰਡਰਾਂ ਦੀ ਸਪਲਾਈ ਮੰਗ ਰਹੇ ਹਨ। ਅਜਿਹੇ ਦੋਹਾਂ ਹਾਲਾਤ ਵਿਚ ਗੈਸ ਏਜੰਸੀ ਮਾਲਕਾਂ ਦੀਆਂ ਦਿੱਕਤਾਂ ਵੀ ਅਚਾਨਕ ਵੱਧ ਗਈਆਂ ਹਨ। 

ਵਿਆਹਾਂ ਦੇ ਸੀਜ਼ਨ ਦਾ ਮਜ਼ਾ ਵੀ ਹੋਣ ਲੱਗਾ ਫ਼ਿੱਕਾ

ਕੇਂਦਰੀ ਪੈਟਰੋਲੀਅਮ ਤੇ ਕੁਰਦਰਤੀ ਗੈਸ ਮੰਤਰਾਲੇ ਵੱਲੋਂ ਬੰਦ ਕੀਤੀ ਗਈ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਕਾਰਨ ਜਿਨ੍ਹਾਂ ਘਰਾਂ ਵਿਚ ਵਿਆਹਾਂ ਦੀਆਂ ਸ਼ਹਿਨਾਈਆਂ ਵੱਜਣੀਆਂ ਹਨ, ਉਨ੍ਹਾਂ ਪਰਿਵਾਰਾਂ ਵੱਲੋਂ ਰੱਖੇ ਪ੍ਰੋਗਰਾਮਾਂ ਦਾ ਮਜ਼ਾ ਵੀ ਫਿੱਕਾ ਹੋਣ ਲੱਗ ਪਿਾ ਹੈ। ਬਾਜ਼ਾਰ ਵਿਚ ਗੈਸ ਸਿਲੰਡਰ ਨਾ ਮਿਲਣ ਕਾਰਨ ਫੰਕਸ਼ਨ ਕਰਵਾਉਣ ਵਾਲੇ ਤੇ ਹਲਵਾਈ ਘਰ ਵਿਚ ਆਉਣ ਵਾਲੇ ਮਹਿਮਾਨਾਂ ਲਈ ਪਕਵਾਨ ਬਣਾਉਣ ਤੋਂ ਬੇਬਸੀ ਦਿਖਾ ਰਹੇ ਹਨ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਹੋਣ ਵਾਲੇ ਵਿਆਹਾਂ ਦੇ ਵੱਡੇ ਫੰਕਸ਼ਨਾਂ ਦੌਰਾਨ ਗੈਸ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਦੀ ਸੰਭਾਵਨਾ ਨੂੰ ਵੇਖਦਿਆਂ ਮੈਰਿਜ ਪੈਲਸਾਂ ਦੇ ਸੰਚਾਲਕ ਮੁਸੀਬਤਾਂ ਵਿਚ ਫੱਸ ਗਏ ਹਨ। 

ਲੁਧਿਆਣਾ ਦੀ 80 ਫ਼ੀਸਦੀ ਇੰਡਸਟਰੀ ਦਾ ਕਾਰੋਬਾਰ ਪਿਆ ਠੱਪ!

ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਉਦਯੋਗਿਕ ਨਗਰ ਲੁਧਿਆਣਾ ਦੀ 80 ਫ਼ੀਸਦੀ ਤੋਂ ਵੱਧ ਇੰਡਸਟਰੀ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਗਿਆ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਇੰਡਸਟਰੀਆਂ ਦੇ ਮਾਲਕਾਂ ਨੂੰ ਬਾਜ਼ਾਰ ਤੋਂ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਜ਼ਿਆਦਾਤਰ ਫੈਕਟਰੀਆਂ ਤੇ ਉਦਯੋਗਿਕ ਘਰਾਣਿਆਂ ਦੇ ਮੁੱਖ ਐਂਟਰੀ ਗੇਟਾਂ 'ਤੇ ਤਾਲੇ ਲੱਗਣ ਦੀ ਨੌਬਤ ਖੜ੍ਹੀ ਹੋ ਗਈ ਹੈ। ਉੱਥੇ ਹੀ ਕਈ ਇੰਡਸਟਰੀਆਂ ਦੇ ਮਾਲਕ ਗੈਸ 'ਤੇ ਚੱਲ ਰਹੀਆਂ ਮਸ਼ੀਨਾਂ ਨੂੰ ਡੀਜ਼ਲ 'ਤੇ ਕਨਵਰਟ ਕਰਨ ਦਾ ਬਦਲ ਲੱਭ ਰਹੀਆਂ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਜੁਗਾੜ ਲਗਾ ਕੇ ਆਪਣਾ ਕਾਰੋਬਾਰ ਠੱਪ ਹੋਣ ਤੋਂ ਬਚਾਇਆ ਜਾ ਸਕੇ। ਉੱਥੇ ਹੀ ਕਰਮਸ਼ੀਅਲ ਗੈਸ ਦੇ ਕਾਰਨ ਪੈਦਾ ਹੋਏ ਸੰਕਟ ਤੋਂ ਮਹਾਨਗਰ ਦੀ ਇੰਡਸਟਰੀ ਵਿਚ ਬੇਰੋਜ਼ਗਾਰੀ ਦੇ ਸੰਘਣੇ ਬੱਦਲ ਮੰਡਰਾਉਣ ਦੀ ਸੰਭਾਵਨਾ ਵੀ ਤੇਜ਼ੀ ਨਾਲ ਵਧਣ ਲੱਗੀ ਹੈ। 


author

Anmol Tagra

Content Editor

Related News