Credit Card ਨਾਲ ਨੰਬਰ ਲਿੰਕ ਕਰਵਾ ਕੇ ਮਾਰ ਲਈ ਲੱਖਾਂ ਦੀ ਠੱਗੀ

Tuesday, Mar 03, 2026 - 02:28 PM (IST)

Credit Card ਨਾਲ ਨੰਬਰ ਲਿੰਕ ਕਰਵਾ ਕੇ ਮਾਰ ਲਈ ਲੱਖਾਂ ਦੀ ਠੱਗੀ

ਲੁਧਿਆਣਾ (ਰਾਜ): ਆਪਣਿਆਂ 'ਤੇ ਅੰਧ-ਵਿਸ਼ਵਾਸ ਕਦੇ-ਕਦੇ ਕਿੰਨਾ ਭਾਰੀ ਪੈ ਸਕਦਾ ਹੈ, ਇਸ ਦੀ ਤਾਜ਼ਾ ਉਦਾਹਰਣ ਲੁਧਿਆਣਾ ਸ਼ਹਿਰ ਵਿਚ ਦੇਖਣ ਨੂੰ ਮਿਲੀ ਹੈ। ਇਕ ਸ਼ਾਤਰ ਠੱਗ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਕ ਪਰਿਵਾਰ ਨੂੰ ਆਪਣੇ ਝਾਂਸੇ ਵਿਚ ਲਿਆ ਅਤੇ ਉਨ੍ਹਾਂ ਦੇ ਨਾਂ 'ਤੇ ਕ੍ਰੈਡਿਟ ਕਾਰਡ ਤੇ ਲੋਨ ਕਢਵਾ ਕੇ ਲੱਖਾਂ ਰੁਪਏ  ਦੀ ਠੱਗੀ ਮਾਰ ਲਈ। ਥਾਣਾ ਡਾਬਾ ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਅਨਿਲ ਕੁਮਾਰ ਅਤੇ ਉਸ ਦੀ ਮਾਂ ਰੀਨਾ ਦੇਵੀ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਿਰਨਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਅਨਿਲ ਕੁਮਾਰ ਨੇ ਉਨ੍ਹਾਂ ਨੂੰ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਫਸਾ ਲਿਆ ਸੀ। ਮੁਲਜ਼ਮ ਨੇ ਪੀੜਤਾ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਖ-ਵੱਖ ਬੈਂਕਾਂ ਵਿਚ ਖਾਤੇ ਖੁਲ੍ਹਵਾਏ। ਇੰਨਾ ਹੀ ਨਹੀਂ, ਉਸ ਨੇ ਪਰਿਵਾਰ ਦੇ ਨਾਂ 'ਤੇ ਕ੍ਰੈਡਿਟ ਕਾਰਡ ਵੀ ਬਣਵਾ ਲਏ। ਸ਼ਾਤਰ ਅਨਿਲ ਨੇ ਬੜੀ ਚਾਲਾਕੀ ਨਾਲ ਇਨ੍ਹਾਂ ਸਾਰੇ ਕ੍ਰੈਡਿਟ ਕਾਰਡਾਂ ਦੇ ਨਾਲ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਲਿੰਕ ਕਰ ਦਿੱਤੀ। ਇਸ ਦਾ ਨਤੀਜਾ ਇਹ ਹੋਇਆ ਕਿ ਕਾਰਡ ਤੋਂ ਹੋਣ ਵਾਲੇ ਟ੍ਰਾਂਜੈਕਸ਼ਨ ਦੀ ਜਾਣਕਾਰੀ ਪਰਿਵਾਰ ਨੂੰ ਕਦੇ ਮਿਲੀ ਹੀ ਨਹੀਂ। ਉਸ ਨੇ ਆਪਣੀ ਮਰਜ਼ੀ ਨਾਲ ਇਨ੍ਹਾਂ ਕਾਰਡਾਂ ਦੀ ਵਰਤੋਂ ਕੀਤੀ ਅਤੇ ਪਰਿਵਾਰ ਦੇ ਨਾਂ 'ਤੇ ਬੈਂਕ ਤੋਂ ਲੋਨ ਵੀ ਲੈ ਲਿਆ। ਧੋਖਾਧੜੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮ ਨੇ ਲੋਨ ਅਤੇ ਕ੍ਰੈਡਿਟ ਕਾਰਡ ਰਾਹੀਂ ਕੱਢਵਾਈ ਗਈ ਭਾਰੀ-ਭਰਕਮ ਰਾਸ਼ੀ ਆਪਣੀ ਮਾਤਾ ਰੀਨਾ ਦੇਵੀ ਦੇ ਬੈਂਕ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੀ। ਜਦੋਂ ਪੀੜਤਾ ਨੂੰ ਇਸ ਹੇਰਾ-ਫੇਰੀ ਦਾ ਪਤਾ ਲੱਗਿਆ, ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿਰ ਉਸ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਸ਼ਿਕਾਇਤ ਦੀ ਗੰਭੀਰ ਜਾਂਚ ਤੋਂ ਬਾਅਦ ਹੁਣ ਪੁਲਸ ਨੇ ਕਾਰਵਾਈ ਅਮਲ ਵਿਚ ਲਿਆਂਦੀ ਹੈ।
 


author

Anmol Tagra

Content Editor

Related News