ਕਤਲ ਦੇ ਦੋਸ਼ੀ ਨੂੰ ਉਮਰ ਕੈਦ

Wednesday, Sep 27, 2017 - 01:26 AM (IST)

ਕਤਲ ਦੇ ਦੋਸ਼ੀ ਨੂੰ ਉਮਰ ਕੈਦ

ਹੁਸ਼ਿਆਰਪੁਰ,   (ਅਮਰਿੰਦਰ)-  30 ਮਾਰਚ 2016 ਨੂੰ ਰੇਲਵੇ ਮੰਡੀ ਦੇ ਖੇਡ ਮੈਦਾਨ 'ਚ ਖ਼ੂਨ ਨਾਲ ਲਥਪਥ ਮਿਲੇ ਕਾਰਪੇਂਟਰ ਜਸਵਿੰਦਰ ਸਿੰਘ ਦੇ ਕਤਲ ਦੇ ਮੁਲਜ਼ਮ ਚਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਾਮਗੜ੍ਹੀਆ ਮੁਹੱਲਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਉਮਰ ਕੈਦ ਦੇ ਨਾਲ-ਨਾਲ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਦੀ ਅਦਾਇਗੀ ਨਾ ਕਰਨ 'ਤੇ ਦੋਸ਼ੀ ਚਰਨਜੀਤ ਸਿੰਘ ਨੂੰ 6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ। 
ਜ਼ਿਕਰਯੋਗ ਹੈ ਕਿ 30 ਮਾਰਚ 2016 ਨੂੰ ਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਨੋਹਰ ਗਲੀ ਕੱਚਾ ਕੁਆਰਟਰ ਨੇ ਥਾਣਾ ਮਾਡਲ ਟਾਊਨ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। ਉੁਸ ਦੇ ਭਾਣਜੇ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜਸਵਿੰਦਰ ਸਿੰਘ 29 ਮਾਰਚ ਨੂੰ ਰਾਤ ਸਮੇਂ ਚਰਨਜੀਤ ਸਿੰਘ  ਨਾਲ ਘਰੋਂ ਗਿਆ ਸੀ ਪਰ ਅਜੇ ਤੱਕ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਦਿਨ ਭਰ ਜਸਵਿੰਦਰ ਦੀ ਭਾਲ ਕੀਤੀ ਗਈ। ਥੱਕ ਹਾਰ ਕੇ ਸ਼ਾਮੀਂ 5 ਵਜੇ ਦੇ ਕਰੀਬ ਥਾਣਾ ਮਾਡਲ ਟਾਊਨ ਜਾ ਕੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ।
ਇਸੇ ਦੌਰਾਨ ਰਾਤ 8 ਵਜੇ ਪਤਾ ਲੱਗਾ ਕਿ ਰੇਲਵੇ ਮੰਡੀ ਦੇ ਖੇਡ ਮੈਦਾਨ 'ਚੋਂ ਇਕ ਲਾਸ਼ ਮਿਲੀ ਹੈ। ਨਜ਼ਦੀਕ ਜਾ ਕੇ ਦੇਖਿਆ ਤਾਂ ਲਾਸ਼ ਜਸਵਿੰਦਰ ਸਿੰਘ ਦੀ ਹੀ ਸੀ, ਜਿਸ ਦੇ ਸਿਰ 'ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਸਨ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਜਸਵਿੰਦਰ ਨੂੰ ਚਰਨਜੀਤ ਸਿੰਘ ਨੇ ਹੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਤਲ ਕੀਤਾ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਚਰਨਜੀਤ ਸਿੰਘ ਖਿਲਾਫ਼ ਧਾਰਾ 302 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।


Related News