ਲੁਧਿਆਣਾ ਕੋਰਟ ਬਲਾਸਟ ਮਾਮਲੇ ਦੇ ਦੋਸ਼ੀ ਨੂੰ ਹਾਈਕੋਰਟ ਵਲੋਂ ਜ਼ਮਾਨਤ ਦੇਣ ਤੋਂ ਇਨਕਾਰ

Thursday, Mar 12, 2026 - 12:51 PM (IST)

ਲੁਧਿਆਣਾ ਕੋਰਟ ਬਲਾਸਟ ਮਾਮਲੇ ਦੇ ਦੋਸ਼ੀ ਨੂੰ ਹਾਈਕੋਰਟ ਵਲੋਂ ਜ਼ਮਾਨਤ ਦੇਣ ਤੋਂ ਇਨਕਾਰ

ਲੁਧਿਆਣਾ/ਚੰਡੀਗੜ੍ਹ : ਲੁਧਿਆਣਾ ਕੋਰਟ ਬਲਾਸਟ ਮਾਮਲੇ 'ਚ ਇਕ ਦੋਸ਼ੀ ਰਾਜਨਪ੍ਰੀਤ ਨੂੰ ਜ਼ਮਾਨਤ ਦੇਣ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਦੇ ਵਕੀਲ ਵੱਲੋਂ ਵਾਰ-ਵਾਰ ਗੈਰ-ਹਾਜ਼ਰ ਰਹਿਣ ਕਾਰਨ ਕਾਰਵਾਈ ਲੰਬੀ ਖਿੱਚੀ ਗਈ। ਹਾਈਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਕੁੱਲ 32 ਤਾਰੀਖ਼ਾਂ ਵਿੱਚੋਂ 27 ਤਾਰੀਖ਼ਾਂ ‘ਤੇ ਦੋਸ਼ੀ ਦਾ ਵਕੀਲ ਅਦਾਲਤ 'ਚ ਪੇਸ਼ ਨਹੀਂ ਹੋਇਆ।

ਅਦਾਲਤ ਨੇ ਇਹ ਵੀ ਕਿਹਾ ਕਿ ਜਦੋਂ ਦੋਸ਼ੀ ਖ਼ੁਦ ਹੀ ਸੁਣਵਾਈ 'ਚ ਸਹਿਯੋਗ ਨਹੀਂ ਕਰ ਰਿਹਾ ਤਾਂ ਉਸ ਨੂੰ ਜ਼ਮਾਨਤ ਦੇਣਾ ਠੀਕ ਨਹੀਂ। ਇਸ ਮਾਮਲੇ 'ਚ ਜਾਂਚ ਏਜੰਸੀਆਂ ਨੇ ਦੱਸਿਆ ਕਿ ਦੋਸ਼ੀ ਦੇ ਸਬੰਧ ਪਾਕਿਸਤਾਨੀ ਤਸਕਰਾਂ ਨਾਲ ਹੋਣ ਦੇ ਇਸ਼ਾਰੇ ਮਿਲੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ 'ਚ ਸੁਣਵਾਈ ਨੂੰ ਲਟਕਾਉਣਾ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਹੈ। ਅਦਾਲਤ ਨੇ ਅਖ਼ੀਰ 'ਚ ਦੋਸ਼ੀ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਅਤੇ ਟ੍ਰਾਇਲ ਕੋਰਟ ਨੂੰ ਮਾਮਲੇ ਦੀ ਕਾਰਵਾਈ ਤੇਜ਼ੀ ਨਾਲ ਪੂਰੀ ਕਰਨ ਲਈ ਕਿਹਾ।

ਕੀ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ 23 ਦਸੰਬਰ, 2021 'ਚ ਦੁਪਹਿਰ ਵੇਲੇ ਲੁਧਿਆਣਾ ਜ਼ਿਲ੍ਹਾ ਕੰਪਲੈਕਸ 'ਚ ਬਣੇ ਬਾਥਰੂਮ 'ਚ ਜ਼ੋਰਦਾਰ ਧਮਾਕਾ ਹੋਇਆ ਸੀ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਕਿ 5 ਲੋਕ ਜ਼ਖਮੀ ਹੋਏ ਸਨ। ਬਾਅਦ 'ਚ ਮ੍ਰਿਤਕ ਦੀ ਪਛਾਣ ਪੰਜਾਬ ਪੁਲਸ ਦੇ ਬਰਖ਼ਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਵਜੋਂ ਹੋਈ ਸੀ।


author

Babita

Content Editor

Related News