ਔਰਤ ਦੇ ਕਤਲ ਮਾਮਲੇ ’ਚ ਨਾਮਜ਼ਦ ਸਰਪੰਚ ਦੇ ਪੁੱਤਰ ਦਾ ਮਿਲਿਆ 5 ਦਿਨਾਂ ਰਿਮਾਂਡ

Thursday, Mar 12, 2026 - 03:54 PM (IST)

ਔਰਤ ਦੇ ਕਤਲ ਮਾਮਲੇ ’ਚ ਨਾਮਜ਼ਦ ਸਰਪੰਚ ਦੇ ਪੁੱਤਰ ਦਾ ਮਿਲਿਆ 5 ਦਿਨਾਂ ਰਿਮਾਂਡ

ਪਟਿਆਲਾ (ਬਲਜਿੰਦਰ) : ਪਿੰਡ ਰੌਂਗਲਾ ਦੀ ਬਜ਼ੁਰਗ ਔਰਤ ਬਲਜੀਤ ਕੌਰ ਦੇ ਕਤਲ ਕੇਸ ’ਚ ਨਾਮਜ਼ਦ ਪਿੰਡ ਦੀ ਸਰਪੰਚ ਦੇ ਪੁੱਤਰ ਗੁਰਵਿੰਦਰ ਸਿੰਘ ਗੋਲਡੀ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਪਟਿਆਲਾ ’ਚ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ 5 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਟੀਮ ਨੇ ਗੁਰਵਿੰਦਰ ਸਿੰਘ ਗੋਲਡੀ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਤੋਂ ਬਾਅਦ ਜਿਹੜੇ ਵਿਅਕਤੀਆਂ ਦੀ ਹੋਰ ਸ਼ਮੂਲੀਅਤ ਸਾਹਮਣੇ ਆਵੇਗੀ, ਉਨ੍ਹਾਂ ਨੂੰ ਵੀ ਇਸ ਕੇਸ ’ਚ ਨਾਮਜ਼ਦ ਕੀਤਾ ਜਾਵੇਗਾ ਅਤੇ ਮਾਮਲੇ ’ਚ ਸ਼ਾਮਿਲ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਗੋਲਡੀ ਨੂੰ ਸਾਂਬਾ ਨਗਰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਰੋਂਗਲਾ ਦੀ ਬਜ਼ੁਰਗ ਔਰਤ ਬਲਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਥਾਣਾ ਤ੍ਰਿਪੜੀ ਦੀ ਪੁਲਸ ਨੇ ਪਿੰਡ ਦੀ ਸਰਪੰਚ ਦੇ ਪੁੱਤਰ ਗੁਰਵਿੰਦਰ ਸਿੰਘ ਗੋਲਡੀ ਸਮੇਤ ਕੁਲ 3 ਵਿਅਕਤੀਆਂ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਸੀ ਪਰ ਕਿਸੇ ਦੀ ਗ੍ਰਿਫਤਾਰੀ ਨਾ ਹੋਣ ਕਰ ਕੇ ਪਰਿਵਾਰ ਨੇ ਔਰਤ ਦਾ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ। ਪਿਛਲੇ ਕਈ ਦਿਨਾਂ ਤੋਂ ਬਲਜੀਤ ਕੌਰ ਦੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਹੀ ਪਈ ਸੀ ਅਤੇ ਹੁਣ ਪਰਿਵਾਰ ਨੇ ਸਸਕਾਰ ਕਰ ਦਿੱਤਾ ਹੈ। ਇਸ ਮੌਕੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਗਿੱਲ ਅਤੇ ਹੋਰ ਪੁਲਸ ਪਾਰਟੀ ਵੀ ਹਾਜ਼ਰ ਸਨ।


author

Gurminder Singh

Content Editor

Related News