ਮਹਿਲਾ ਮਕਾਨ ਮਾਲਕਣ ਨੂੰ ਗੋਲੀ ਮਾਰਨ ਵਾਲੇ ਵਕੀਲ ਨੂੰ ਭੇਜਿਆ ਜੇਲ੍ਹ

Monday, Aug 03, 2026 - 11:55 AM (IST)

ਮਹਿਲਾ ਮਕਾਨ ਮਾਲਕਣ ਨੂੰ ਗੋਲੀ ਮਾਰਨ ਵਾਲੇ ਵਕੀਲ ਨੂੰ ਭੇਜਿਆ ਜੇਲ੍ਹ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-42 ’ਚ ਫਲੈਟ ਦਾ ਕਬਜ਼ਾ ਲੈਣ ਆਈ 60 ਸਾਲਾ ਮਨਵਿੰਦਰ ਕੌਰ ਨੂੰ ਗੋਲੀ ਮਾਰਨ ਵਾਲੇ ਵਕੀਲ ਨੇ ਪੁਲਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਬਹਾਨੇ ਬਣਾਏ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਜੇ. ਪੀ. ਐੱਸ. ਚੱਢਾ ਨੇ ਕਿਹਾ ਕਿ ਉਹ ਘਬਰਾ ਗਿਆ ਸੀ ਤੇ ਉਸ ਨੂੰ ਲਗਾ ਕਿ ਉਸ ’ਤੇ ਹਮਲਾ ਕਰਨ ਲਈ ਆਏ ਹਨ ਪਰ ਪੁਲਸ ਨੇ ਉਸ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਸੈਕਟਰ-36 ਦੀ ਪੁਲਸ ਨੇ ਮੁਲਜ਼ਮ ਨੂੰ ਸੈਕਟਰ-16 ਜਨਰਲ ਹਸਪਤਾਲ ’ਚ ਮੈਡੀਕਲ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ।

ਅਦਾਲਤ ਨੇ ਵਕੀਲ ਚੱਢਾ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਇਸ ਦੌਰਾਨ ਡਾਕਟਰਾਂ ਨੇ ਐਤਵਾਰ ਨੂੰ ਪੀ. ਜੀ. ਆਈ. ’ਚ ਦਾਖ਼ਲ ਮਨਵਿੰਦਰ ਦੇ ਚਿਹਰੇ ਦੀ ਸਰਜਰੀ ਕੀਤੀ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਗੋਲੀ ਦੇ ਛਰਰੇ ਲੱਗਣ ਕਾਰਨ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਸਮੇਂ ਮਹਿਲਾ ਇਲਾਜ ਅਧੀਨ ਹੈ। ਪੁਲਸ ਦਾ ਕਹਿਣਾ ਹੈ ਕਿ ਮਹਿਲਾ ਦੀ ਹਾਲਤ ’ਚ ਸੁਧਾਰ ਹੋਇਆ ਹੈ।
ਫਲੈਟ ਦੀਆਂ ਚਾਬੀਆਂ ਬੇਲੀਫ ਕੋਲ
ਸੈਕਟਰ-42 ਵਿਚ ਫਲੈਟ ਨੰਬਰ 2982/2 ਦੀ ਚਾਬੀ ਹੁਣ ਬੇਲੀਫ ਸ਼ਮਸੁੰਦਰ ਕੋਲ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਬੇਲੀਫ ਫਲੈਟ ਦਾ ਤਾਲਾ ਤੋੜ ਕੇ ਕਬਜ਼ਾ ਦਿਵਾਉਣ ਲਈ ਗਿਆ ਸੀ। ਬੇਲੀਫ ਦੇ ਬਿਆਨਾਂ ਦੇ ਆਧਾਰ ’ਤੇ ਸੈਕਟਰ-36 ਪੁਲਸ ਨੇ ਮੁਲਜ਼ਮ ਵਕੀਲ ਚੱਢਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।


author

Babita

Content Editor

Related News