GMCH-32 ’ਚ ਐਂਡੋਸਕੋਪਿਕ ਸਰਜਰੀਆਂ ਠੱਪ, ਕਈ ਮਰੀਜ਼ਾਂ ਨੂੰ ਬਿਨਾਂ ਸਰਜਰੀ ਵਾਪਸ ਭੇਜਿਆ
Saturday, Aug 01, 2026 - 11:05 AM (IST)
ਚੰਡੀਗੜ੍ਹ (ਪਾਲ) : ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀ. ਐੱਮ. ਸੀ. ਐੱਚ.-32) ਦੇ ਈ. ਐੱਨ. ਟੀ. ਵਿਭਾਗ 'ਚ ਐਂਡੋਸਕੋਪਿਕ ਸਰਜਰੀਆਂ ਪ੍ਰਭਾਵਿਤ ਹੋ ਰਹੀਆਂ ਹਨ। ਵਿਭਾਗ 'ਚ ਵਰਤੀ ਜਾਣ ਵਾਲੀ ਮੁੱਖ ਐਂਡੋਸਕੋਪਿਕ ਮਸ਼ੀਨ ਖ਼ਰਾਬ ਹੋਣ ਕਾਰਨ ਸਾਈਨਸ ਅਤੇ ਸਕੱਲ-ਬੇਸ ਨਾਲ ਸਬੰਧਿਤ ਕਈ ਅਹਿਮ ਆਪਰੇਸ਼ਨ ਰੋਕਣੇ ਪਏ ਹਨ। ਮਹੀਨਿਆਂ ਤੋਂ ਸਰਜਰੀ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਹੁਣ ਨਵੀਂ ਤਾਰੀਖ਼ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਬੱਦੀ (ਹਿਮਾਚਲ ਪ੍ਰਦੇਸ਼) ਤੋਂ ਆਪਣੇ ਬੱਚੇ ਦੀ ਸਰਜਰੀ ਲਈ ਆਏ ਪਰਿਵਾਰ ਨੂੰ ਵੀ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਤੈਅ ਸਰਜਰੀ ਤੋਂ ਪਹਿਲਾਂ ਉਨ੍ਹਾਂ ਨੂੰ ਮਸ਼ੀਨ ਖ਼ਰਾਬ ਹੋਣ ਕਾਰਨ ਆਪਰੇਸ਼ਨ ਮੁਲਤਵੀ ਹੋਣ ਦੀ ਜਾਣਕਾਰੀ ਦਿੱਤੀ ਗਈ। ਈ. ਐੱਨ. ਟੀ. ਵਿਭਾਗ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਲਈ ਰੈਫਰਲ ਸੈਂਟਰ ਵਜੋਂ ਕੰਮ ਕਰਦਾ ਹੈ। ਇੱਥੇ ਫੰਕਸ਼ਨਲ ਐਂਡੋਸਕੋਪਿਕ ਸਾਈਨਸ ਸਰਜਰੀ (ਐੱਫ.ਈ.ਐੱਸ.ਐੱਸ.), ਨੱਕ ਨਾਲ ਸਬੰਧਤ ਜਟਿਲ ਆਪਰੇਸ਼ਨ ਅਤੇ ਸਕੱਲ-ਬੇਸ ਸਰਜਰੀਆਂ ਕੀਤੀਆਂ ਜਾਂਦੀਆਂ ਹਨ। ਇਸ ਤਕਨੀਕ ਰਾਹੀਂ ਕਈ ਮਾਮਲਿਆਂ 'ਚ ਨੱਕ ਦੇ ਰਸਤੇ ਟਿਊਮਰ ਤੱਕ ਪਹੁੰਚ ਕੇ ਇਲਾਜ ਕੀਤਾ ਜਾਂਦਾ ਹੈ।
ਵਾਰਡ ’ਚ ਦਾਖ਼ਲ ਮਰੀਜ਼ਾਂ ਨੂੰ ਬਿਨਾਂ ਸਰਜਰੀ ਛੁੱਟੀ
ਵਿਭਾਗ ਨਾਲ ਜੁੜੇ ਸਟਾਫ਼ ਮੁਤਾਬਕ ਕੁੱਝ ਦਿਨ ਪਹਿਲਾਂ ਇੱਕ ਆਪਰੇਸ਼ਨ ਦੌਰਾਨ ਐਂਡੋਸਕੋਪਿਕ ਸਿਸਟਮ ਅਚਾਨਕ ਬੰਦ ਹੋ ਗਿਆ ਸੀ। ਡਾਕਟਰਾਂ ਨੇ ਮੁਸ਼ਕਲ ਹਾਲਾਤਾਂ 'ਚ ਪ੍ਰਕਿਰਿਆ ਪੂਰੀ ਕੀਤੀ ਪਰ ਬਾਅਦ ਵਿੱਚ ਮਸ਼ੀਨ ਨੂੰ ਵਰਤੋਂ ਲਈ ਅਣਉਚਿਤ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਸਬੰਧਿਤ ਸਰਜਰੀਆਂ ਰੋਕ ਦਿੱਤੀਆਂ ਗਈਆਂ ਅਤੇ ਵਾਰਡ 'ਚ ਦਾਖ਼ਲ ਕਈ ਮਰੀਜ਼ਾਂ ਨੂੰ ਬਿਨਾਂ ਆਪਰੇਸ਼ਨ ਕੀਤੇ ਹੀ ਛੁੱਟੀ ਦੇਣੀ ਪਈ। ਹੁਣ ਉਨ੍ਹਾਂ ਨੂੰ ਦੁਬਾਰਾ ਤਾਰੀਖ਼ ਮਿਲਣ ਦੀ ਉਡੀਕ ਕਰਨੀ ਪਵੇਗੀ। ਵਿਭਾਗ ਵੱਲੋਂ ਨਵੀਂ ਐਂਡੋਸਕੋਪਿਕ ਮਸ਼ੀਨ ਖਰੀਦਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਜਦੋਂ ਤੱਕ ਨਵਾਂ ਸਿਸਟਮ ਉਪਲੱਬਧ ਨਹੀਂ ਹੁੰਦਾ, ਉਦੋਂ ਤੱਕ ਇਨ੍ਹਾਂ ਸਰਜਰੀਆਂ ਦੇ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
ਰੈਜ਼ੀਡੈਂਟ ਡਾਕਟਰਾਂ ਦੀ ਟ੍ਰੇਨਿੰਗ ਵੀ ਪ੍ਰਭਾਵਿਤ
ਐਂਡੋਸਕੋਪਿਕ ਸਰਜਰੀ ਆਧੁਨਿਕ ਤਕਨੀਕ ਹੈ, ਜਿਸ 'ਚ ਵੱਡਾ ਚੀਰਾ ਲਗਾਏ ਬਿਨਾਂ ਨੱਕ ਰਾਹੀਂ ਸਾਈਨਸ, ਨੱਕ ਅਤੇ ਸਕੱਲ-ਬੇਸ ਨਾਲ ਜੁੜੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ ਅਤੇ ਰਿਕਵਰੀ ਵੀ ਤੇਜ਼ ਹੁੰਦੀ ਹੈ। ਜੀ.ਐੱਮ.ਸੀ.ਐੱਚ.-32 ਸਿੱਖਿਆ ਸੰਸਥਾ ਹੋਣ ਕਾਰਨ ਇੱਥੇ ਇਨ੍ਹਾਂ ਪ੍ਰਕਿਰਿਆਵਾਂ ਰਾਹੀਂ ਪੀ.ਜੀ. ਰੈਜ਼ੀਡੈਂਟ ਡਾਕਟਰਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਸਰਜਰੀਆਂ ਰੁਕਣ ਨਾਲ ਉਨ੍ਹਾਂ ਦੀ ਪ੍ਰੈਕਟੀਕਲ ਸਿਖਲਾਈ ’ਤੇ ਵੀ ਅਸਰ ਪੈ ਰਿਹਾ ਹੈ।
ਵੇਟਿੰਗ ਲਿਸਟ ਹੋਰ ਵੱਧਣ ਦਾ ਖਦਸ਼ਾ
ਮਰੀਜ਼ਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ 'ਚ ਇਲਾਜ ਦੀ ਉਮੀਦ ਨਾਲ ਆਉਣ ਵਾਲੇ ਲੋਕ ਨਿੱਜੀ ਹਸਪਤਾਲਾਂ ਦਾ ਖ਼ਰਚਾ ਨਹੀਂ ਝੱਲ ਸਕਦੇ। ਨਿੱਜੀ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੀ ਸਰਜਰੀ ਦਾ ਖ਼ਰਚ 80 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਹੋ ਸਕਦਾ ਹੈ। ਜੇਕਰ ਨਵੀਂ ਮਸ਼ੀਨ ਜਲਦ ਉਪਲੱਬਧ ਨਾ ਹੋਈ ਤਾਂ ਸਰਜਰੀ ਦੀ ਉਡੀਕ ਕਰ ਰਹੇ ਮਰੀਜ਼ਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
