ਵਿਧਾਨ ਸਭਾ ''ਚ ਅਸ਼ਵਨੀ ਸ਼ਰਮਾ ਦੇ ਕੁੜੀ-ਮੁੰਡੇ ਵਾਲੇ ਬਿਆਨ ''ਤੇ ਹੰਗਾਮਾ, ਮੁਆਫ਼ੀ ਮੰਗਣ ਦੀ ਉੱਠੀ ਮੰਗ
Thursday, Aug 06, 2026 - 01:13 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੀ ਕਾਰਵਾਈ ਦੌਰਾਨਸੀਨੀਅਰ ਭਾਜਪਾ ਆਗੂ ਅਸ਼ਵਨੀ ਸ਼ਰਮਾ ਵਲੋਂ ਦਿੱਤੇ ਗਏ ਕੁੜੀ-ਮੁੰਡੇ ਨੂੰ ਲੈ ਕੇ ਬਿਆਨ ਨੂੰ ਲੈ ਕੇ ਹੰਗਾਮਾ ਹੋ ਗਿਆ। ਦਰਅਸਲ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਜਿਹੜਾ ਵੀ ਵਿਅਕਤੀ ਮਾਈਨਿੰਗ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਉਸ ਨੂੰ ਆਮ ਆਦਮੀ ਪਾਰਟੀ ਦੇ ਆਗੂ ਧਮਕਾਉਂਦੇ ਹਨ ਅਤੇ 'ਜਿਸ ਦਾ ਖੇਤ, ਉਸ ਦੀ ਰੇਤ' ਦੀ ਹਕੀਕਤ ਵੀ ਸਰਕਾਰ ਨੂੰ ਜ਼ਮੀਨੀ ਪੱਧਰ 'ਤੇ ਜਾ ਕੇ ਦੇਖਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਘਰ 'ਚ ਕੁੜੀ ਪੈਦਾ ਹੋਵੇ ਤਾਂ ਕੇਂਦਰ ਸਰਕਾਰ ਨੂੰ ਦੋਸ਼ ਦਿੰਦੇ ਹਨ ਅਤੇ ਮੁੰਡਾ ਪੈਦਾ ਹੋ ਜਾਵੇ ਤਾਂ ਉਸ ਦਾ ਸਾਰਾ ਸਿਹਰਾ ਖ਼ੁਦ ਲੈ ਲੈਂਦੇ ਹਨ।
ਅਸ਼ਵਨੀ ਸ਼ਰਮਾ ਦੇ ਇਸ ਬਿਆਨ ਤੋਂ ਬਾਅਦ ਸਦਨ 'ਚ ਸੱਤਾਧਿਰ ਦੇ ਆਗੂਆਂ ਵਲੋਂ ਰੌਲਾ ਪਾ ਦਿੱਤਾ ਗਿਆ। ਇਸ ਦਾ ਜਵਾਬ ਦਿੰਦਿਆਂ ਮੰਤਰੀ ਅਮਨ ਅਰੋੜਾ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਕੁੜੀ ਹੋਣ ਦੀ ਗੱਲ ਕਹਿਣਾ ਉੱਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ 'ਚ ਕੁੜੀਆਂ ਮੋਹਰੀ ਹਨ ਅਤੇ ਵਧੀਆ ਕੰਮ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਵੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਸੰਦੇਸ਼ ਦਿੰਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਇਸ ਬਿਆਨ ਨਾਲ ਪੰਜਾਬ ਦੀਆਂ ਸਵਾ ਕਰੋੜ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
