ਵੋਟਰ ਸੂਚੀਆਂ ਤੇ ਵੋਟਾਂ ਦੀ ਕਟੌਤੀ ਨੂੰ ਲੈ ਕੇ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਿਆ

Friday, Aug 07, 2026 - 03:40 PM (IST)

ਵੋਟਰ ਸੂਚੀਆਂ ਤੇ ਵੋਟਾਂ ਦੀ ਕਟੌਤੀ ਨੂੰ ਲੈ ਕੇ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਿਆ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੋਟਰ ਸੂਚੀਆਂ ਅਤੇ ਕਥਿਤ ਵੋਟਾਂ ਦੀ ਕਟੌਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਆਰ. ਐੱਸ. ਐੱਸ. ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਰਾਜਾ ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਬੂਥ ਪੱਧਰ ’ਤੇ ਪੂਰੀ ਚੌਕਸੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਰ ਸੂਚੀਆਂ ’ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਇੱਕ ਹਜ਼ਾਰ ਵੋਟਾਂ ਪਿੱਛੇ 30-30 ਵੋਟਾਂ ਕੱਢ ਦਿੱਤੀਆਂ ਜਾਣ ਤਾਂ ਇਹ ਗਿਣਤੀ ਪੂਰੇ ਹਲਕੇ 'ਚ ਹਜ਼ਾਰਾਂ ਵੋਟਾਂ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਆਰ.ਐੱਸ.ਐੱਸ. ਨਾਲ ਜੁੜੇ ਲੋਕ ਜੇਕਰ ਕਿਸੇ ਇਲਾਕੇ ਵਿੱਚ ਵੋਟਰ ਸੂਚੀਆਂ ਨਾਲ ਸਬੰਧਿਤ ਕੰਮ ਕਰਦੇ ਹਨ ਤਾਂ ਕਾਂਗਰਸੀ ਵਰਕਰਾਂ ਨੂੰ ਇਸ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਜੇਕਰ ਹਰ ਬੂਥ ਤੋਂ ਕੁਝ-ਕੁਝ ਵੋਟਾਂ ਕੱਟ ਦਿੱਤੀਆਂ ਗਈਆਂ ਤਾਂ ਇਸ ਦਾ ਸਿੱਧਾ ਅਸਰ ਚੋਣ ਨਤੀਜਿਆਂ ’ਤੇ ਪੈ ਸਕਦਾ ਹੈ।

ਕਾਂਗਰਸ ਪ੍ਰਧਾਨ ਨੇ ਬੂਥ ਕਮੇਟੀਆਂ ਨੂੰ ਹਰ ਐਤਵਾਰ ਮੀਟਿੰਗ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 11 ਮੈਂਬਰੀ ਬੂਥ ਕਮੇਟੀ ਵੱਲੋਂ 30-30 ਵੋਟਾਂ ਦੇ ਸਮੂਹ ਬਣਾਏ ਜਾਣ ਅਤੇ ਹਰ ਸਮੂਹ ਲਈ ਇੱਕ ਬੂਥ ਸੇਵਕ ਨਿਯੁਕਤ ਕੀਤਾ ਜਾਵੇ। ਇਸ ਤਰ੍ਹਾਂ ਵਰਕਰਾਂ ਨੂੰ ਇਹ ਪਤਾ ਰਹੇਗਾ ਕਿ ਕਿਸ ਪਰਿਵਾਰ ਜਾਂ ਸਮੂਹ ਵਿੱਚ ਕਿੰਨੀਆਂ ਵੋਟਾਂ ਕਾਂਗਰਸ ਦੇ ਹੱਕ ਵਿੱਚ ਹਨ ਅਤੇ ਕਿੰਨੀਆਂ ਹੋਰ ਪਾਰਟੀਆਂ ਜਾਂ ਨਿਰਪੱਖ ਵੋਟਰਾਂ ਦੀਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਨਿਰਪੱਖ ਵੋਟਰਾਂ ਨਾਲ ਲਗਾਤਾਰ ਸੰਪਰਕ ਕਰਕੇ ਉਨ੍ਹਾਂ ਨੂੰ ਕਾਂਗਰਸ ਦੇ ਹੱਕ ਵਿੱਚ ਲਿਆਂਦਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਸਿਰਫ਼ ਨਾਅਰੇ ਲਗਾਉਣ ਨਾਲ ਨਹੀਂ ਜਿੱਤੀਆਂ ਜਾਂਦੀਆਂ, ਸਗੋਂ ਹਰ ਬੂਥ ’ਤੇ ਮਜ਼ਬੂਤ ਤਿਆਰੀ, ਵੋਟਰਾਂ ਨਾਲ ਸੰਪਰਕ ਅਤੇ ਹਰ ਵੋਟ ਦੀ ਨਿਗਰਾਨੀ ਨਾਲ ਜਿੱਤ ਹਾਸਲ ਹੁੰਦੀ ਹੈ। ਰਾਜਾ ਵੜਿੰਗ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਵੋਟਰ ਸੂਚੀਆਂ, ਕਥਿਤ ਵੋਟ ਕਟੌਤੀ ਅਤੇ ਆਰ. ਐੱਸ. ਐੱਸ. ਦੀ ਭੂਮਿਕਾ ਨੂੰ ਲੈ ਕੇ ਨਵੀਂ ਸਿਆਸੀ ਚਰਚਾ ਛਿੜ ਗਈ ਹੈ।


author

Babita

Content Editor

Related News