ਹਸਪਤਾਲ ''ਚ ਚੈਕਅੱਪ ਮਗਰੋਂ ਕੈਦੀ ਨੂੰ ਹੋਟਲ ਲੈ ਗਏ ਪੁਲਸ ਵਾਲੇ! ਪੂਰੀ ਖ਼ਬਰ ਪੜ੍ਹ ਰਹਿ ਜਾਵੋਗੇ ਹੈਰਾਨ
Wednesday, Aug 05, 2026 - 03:11 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਅਤੇ ਪੰਚਕੂਲਾ ਦੇ ਆਈ. ਡੀ. ਐੱਫ. ਸੀ. ਬੈਂਕ ’ਚ 661 ਕਰੋੜ ਰੁਪਏ ਦੇ ਘਪਲੇ ਦੇ ਸਰਗਨਾ ਵਿਕਰਮ ਵਾਧਵਾ ਨੂੰ ਹਸਪਤਾਲ ’ਚ ਚੈੱਕਅਪ ਤੋਂ ਬਾਅਦ ਦੋ ਪੁਲਸ ਕਰਮਚਾਰੀ ਸੈਕਟਰ-17 ਦੇ ਹੋਟਲ ਲੈ ਗਏ। ਕਮਰੇ ’ਚ ਪਾਰਟੀ ਹੋਈ, ਜਿਸ ’ਚ ਵਿਕਰਮ ਵਾਧਵਾ ਦੀ ਪਤਨੀ, ਰਿਸ਼ਤੇਦਾਰ ਅਤੇ ਪੁੱਤਰ ਮੌਜੂਦ ਸਨ। ਮਾਮਲੇ ਦੀ ਭਿਣਕ ਲੱਗਦੇ ਹੀ ਡੀ. ਐੱਸ. ਪੀ. ਲਾਈਨ ਪੂਨਮ ਦਿਲਾਵਰੀ ਨੇ ਹੋਟਲ ’ਚ ਛਾਪਾ ਮਾਰ ਕੇ ਪੁਲਸ ਮੁਲਾਜ਼ਮਾਂ ਅਤੇ ਵਾਧਵਾ ਨੂੰ ਕਾਬੂ ਕਰਕੇ ਸੈਕਟਰ-17 ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਸੈਕਟਰ-17 ਥਾਣਾ ਪੁਲਸ ਨੇ ਏ. ਐੱਸ. ਆਈ. ਸੁਰਿੰਦਰ, ਐੱਸ.ਆਈ. ਜਗਮੇਰ, ਵਿਚਾਰ ਅਧੀਨ ਕੈਦੀ ਵਿਕਰਮ ਵਾਧਵਾ ਤੇ ਉਸ ਦੇ ਪੁੱਤਰਾਂ ਵਿਕਰਮ ਤੇ ਕੁਨਾਲ ਵਾਧਵਾ ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਆਈ. ਡੀ. ਐੱਫ. ਸੀ. ਬੈਂਕ ’ਚ ਕਰੋੜਾਂ ਰੁਪਏ ਦੇ ਘਪਲੇ ਦਾ ਮੁੱਖ ਮੁਲਜ਼ਮ ਵਿਕਰਮ ਵਾਧਵਾ ਬੁੜੈਲ ਜੇਲ੍ਹ ’ਚ ਬੰਦ ਹੈ। ਬੀਮਾਰ ਹੋਣ ਕਾਰਨ ਮੰਗਲਵਾਰ ਨੂੰ ਉਸ ਦਾ ਸੈਕਟਰ-16 ਦੇ ਜਨਰਲ ਹਸਪਤਾਲ ’ਚ ਚੈੱਕਅਪ ਹੋਣਾ ਸੀ। ਏ. ਐੱਸ. ਆਈ. ਸੁਰਿੰਦਰ ਅਤੇ ਐੱਸ. ਆਈ. ਜਗਮੇਰ ਦੀ ਮੁਲਜ਼ਮ ਨੂੰ ਸੈਕਟਰ-26 ਪੁਲਸ ਲਾਈਨ ਤੋਂ ਹਸਪਤਾਲ ਲਿਜਾਣ ਦੀ ਡਿਊਟੀ ਲਗਾਈ ਗਈ ਸੀ। ਦੋਵੇਂ ਪੁਲਸ ਮੁਲਾਜ਼ਮ ਸਵੇਰੇ ਵਿਕਰਮ ਵਾਧਵਾ ਨੂੰ ਬੁੜੈਲ ਜੇਲ੍ਹ ਤੋਂ ਹਸਪਤਾਲ ਲੈ ਕੇ ਗਏ।
ਇਹ ਵੀ ਪੜ੍ਹੋ : ਵਾਹਨ ਚਾਲਕ ਹੋ ਜਾਣ ਸਾਵਧਾਨ! ਮੋਹਾਲੀ ਪੁਲਸ ਨੇ ਲਿਆ ਵੱਡਾ ਐਕਸ਼ਨ, ਸੜਕ 'ਤੇ ਨਿਕਲਣ ਤੋਂ ਪਹਿਲਾਂ...
ਜਲਦੀ-ਜਲਦੀ ਚੈੱਕਅਪ ਕਰਵਾਉਣ ਤੋਂ ਬਾਅਦ ਪੁਲਸ ਮੁਲਾਜ਼ਮ ਵਿਕਰਮ ਵਾਧਵਾ ਨੂੰ ਬੁੜੈਲ ਜੇਲ੍ਹ ਲਿਜਾਣ ਦੀ ਬਜਾਏ ਸੈਕਟਰ-17 ਦੇ ਸਿਟੀ ਹਾਰਟ ਹੋਟਲ ਲੈ ਗਏ। ਵਿਕਰਮ ਵਾਧਵਾ ਦੇ ਪੁੱਤਰਾਂ ਵਿਕਰਮ ਅਤੇ ਕੁਨਾਲ ਨੇ ਹੋਟਲ ’ਚ ਕਮਰਾ ਬੁੱਕ ਕੀਤਾ ਹੋਇਆ ਸੀ। ਉੱਥੇ ਵਾਧਵਾ ਦੀ ਪਤਨੀ ਅਤੇ ਦੋਵੇਂ ਪੁੱਤਰ ਮੌਜੂਦ ਸਨ। ਉਨ੍ਹਾਂ ਸਾਰਿਆਂ ਨੇ ਮਿਲ ਕੇ ਕਮਰੇ ’ਚ ਪਾਰਟੀ ਕੀਤੀ। ਵਿਚਾਰ ਅਧੀਨ ਕੈਦੀ ਵੱਲੋਂ ਹੋਟਲ ’ਚ ਪਾਰਟੀ ਕਰਨ ਦੀ ਭਿਣਕ ਡੀ. ਐੱਸ. ਪੀ. ਲਾਈਨ ਪੂਨਮ ਦਿਲਾਵਰੀ ਨੂੰ ਲੱਗੀ। ਉਨ੍ਹਾਂ ਨੇ ਪੁਲਸ ਟੀਮ ਨਾਲ ਹੋਟਲ ’ਚ ਛਾਪਾ ਮਾਰਿਆ ਤਾਂ ਕਮਰੇ ’ਚ ਵਿਕਰਮ ਵਾਧਵਾ, ਉਸ ਦੀ ਪਤਨੀ, ਦੋਵੇਂ ਪੁੱਤਰ ਤੇ ਪੁਲਸ ਮੁਲਾਜ਼ਮ ਮਿਲੇ। ਡੀ. ਐੱਸ. ਪੀ. ਨੇ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦੇ ਕੇ ਸੈਕਟਰ-17 ਥਾਣਾ ਪੁਲਸ ਨਾਲ ਸੰਪਰਕ ਕੀਤਾ। ਡੀ. ਐੱਸ. ਪੀ. ਸੈਂਟਰਲ ਐੱਸ. ਪੀ. ਐੱਸ. ਸੋਂਧੀ ਅਤੇ ਸੈਕਟਰ-17 ਥਾਣਾ ਇੰਚਾਰਜ ਸੁਦੇਸ਼ ਮੌਕੇ ’ਤੇ ਪਹੁੰਚੇ। ਪੁਲਸ ਮੁਲਾਜ਼ਮਾਂ ਨੇ ਆਪਣੇ ਬਿਆਨ ’ਚ ਦੱਸਿਆ ਕਿ ਉਹ ਹੋਟਲ ’ਚ ਰੋਟੀ ਖਾਣ ਲਈ ਆਏ ਸਨ। ਐੱਸ. ਐੱਸ. ਪੀ. ਦੇ ਹੁਕਮਾਂ ਮਗਰੋਂ ਸੈਕਟਰ-17 ਥਾਣਾ ਪੁਲਸ ਨੇ ਏ. ਐੱਸ. ਆਈ. ਸੁਰਿੰਦਰ, ਐੱਸ. ਆਈ. ਜਗਮੇਰ, ਵਿਚਾਰ ਅਧੀਨ ਕੈਦੀ ਵਿਕਰਮ ਵਾਧਵਾ ਅਤੇ ਉਸ ਦੇ ਪੁੱਤਰਾਂ ਵਿਕਰਮ ਤੇ ਕੁਣਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਉਸ ਨੂੰ ਹੋਟਲ ਕਿਉਂ ਲਿਜਾਇਆ ਗਿਆ। ਜਾਂਚ ਏਜੰਸੀਆਂ ਇਹ ਵੀ ਜਾਂਚ ਕਰ ਰਹੀਆਂ ਹਨ ਕਿ ਕਿਸ ਦੇ ਨਿਰਦੇਸ਼ਾਂ ’ਤੇ ਰਸਤਾ ਬਦਲਿਆ ਗਿਆ ਅਤੇ ਕੀ ਇਸ ਪੂਰੇ ਘਟਨਾਕ੍ਰਮ ’ਚ ਹੋਰ ਪੁਲਸ ਮੁਲਾਜ਼ਮ ਜਾਂ ਅਧਿਕਾਰੀ ਵੀ ਸ਼ਾਮਲ ਸਨ। ਪੁਲਸ ਵੱਲੋਂ ਹੋਟਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਐਂਟਰੀ ਰਜਿਸਟਰ, ਮੋਬਾਇਲ ਫੋਨਾਂ ਦੀ ਲੋਕੇਸ਼ਨ ਅਤੇ ਕਾਲ ਡਿਟੇਲ ਜ਼ਬਤ ਕਰ ਲਈ ਗਈ ਹੈ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹੋਟਲ ’ਚ ਮੁਲਜ਼ਮ ਕਿਹੜੇ-ਕਿਹੜੇ ਲੋਕਾਂ ਨੂੰ ਮਿਲਿਆ ਅਤੇ ਉਹ ਉੱਥੇ ਕਿੰਨਾ ਸਮਾਂ ਰਿਹਾ।
ਇਹ ਵੀ ਪੜ੍ਹੋ : ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਰਾਹਤ ਭਰਿਆ ਫ਼ੈਸਲਾ
ਹਰ ਹਫ਼ਤੇ ਚੈੱਕਅਪ ਲਈ ਵਿਕਰਮ ਵਾਧਵਾ ਆਉਂਦਾ ਸੀ ਜੇਲ੍ਹ ਤੋਂ ਬਾਹਰ
ਕਰੋੜਾਂ ਦੀ ਠੱਗੀ ਦਾ ਮੁਲਜ਼ਮ ਵਿਕਰਮ ਵਾਧਵਾ ਚੈੱਕਅਪ ਕਰਵਾਉਣ ਦੇ ਬਹਾਨੇ ਹਰ ਹਫ਼ਤੇ ਜੇਲ੍ਹ ਤੋਂ ਬਾਹਰ ਜਾਂਦਾ ਸੀ। ਵਿਕਰਮ ਨੇ ਜੇਲ੍ਹ ਦੇ ਡਿਸਪੈਂਸਰੀ ਸਟਾਫ਼ ਨਾਲ ਸੈਟਿੰਗ ਕੀਤੀ ਹੋਈ ਸੀ, ਜਿਸ ਕਾਰਨ ਡਾਕਟਰ ਚੈੱਕਅਪ ਲਈ ਸੈਕਟਰ-16 ਦੇ ਜਨਰਲ ਹਸਪਤਾਲ ਲਿਖਦੇ ਸਨ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਵਾਧਵਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਦਾ ਸੀ। ਪੁਲਸ ਮੁਲਾਜ਼ਮ ਉਸ ਨੂੰ ਸ਼ਾਮ 4 ਵਜੇ ਵਾਪਸ ਬੁੜੈਲ ਜੇਲ੍ਹ ਛੱਡ ਆਉਂਦੇ ਸਨ।
ਚੰਡੀਗੜ੍ਹ ਪੁਲਸ ਦਾ ਏ. ਐੱਸ. ਆਈ. ਪਹਿਲਾਂ ਵੀ ਕੈਦੀ ਨੂੰ ਲੈ ਕੇ ਗਿਆ ਸੀ ਹੋਟਲ
ਚੰਡੀਗੜ੍ਹ ਪੁਲਸ ਦੇ ਕੁੱਝ ਕਰਮਚਾਰੀ ਥੋੜ੍ਹੇ ਜਿਹੇ ਰੁਪਿਆਂ ਦੀ ਲਾਲਚ ’ਚ ਵਿਭਾਗ ਦੀ ਬਦਨਾਮੀ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਮਈ 2024 ’ਚ ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਦਵਿੰਦਰ ਸਿੰਘ ਗਿੱਲ ਨੂੰ ਪੇਸ਼ੀ ਤੋਂ ਬਾਅਦ ਹੋਟਲ ’ਚ ਲਿਜਾ ਕੇ ਪਾਰਟੀ ਕਰਵਾਉਣ ਦੇ ਦੋਸ਼ ’ਚ ਏ. ਐੱਸ. ਆਈ. ਜਸਬੀਰ ਸਿੰਘ ’ਤੇ ਵੀ ਗਾਜ਼ ਡਿੱਗੀ ਸੀ। ਹੋਟਲ ’ਚ ਪਾਰਟੀ ਕਰਦੇ ਹੋਏ ਦਵਿੰਦਰ ਸਿੰਘ ਦੀ ਵੀਡੀਓ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਸੈਕਟਰ-36 ਥਾਣਾ ਪੁਲਸ ਨੇ ਏ. ਐੱਸ. ਆਈ. ਜਸਬੀਰ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
