ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

Tuesday, Aug 04, 2026 - 12:38 PM (IST)

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਜ਼ੀਰਕਪੁਰ (ਅਵਤਾਰ ਧੀਮਾਨ) : ਸ਼ਹਿਰ ਦੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਅਤੇ ਬਿਜਲੀ ਖ਼ਪਤਕਾਰਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪਾਵਰਕਾਮ) ਨੇ ਢਕੌਲੀ ਖੇਤਰ ਦੇ ਲੋਕਾਂ ਲਈ ਵੱਡਾ ਫ਼ੈਸਲਾ ਲਿਆ ਹੈ। ਵਿਭਾਗ ਵੱਲੋਂ ਢਕੌਲੀ 'ਚ ਨਵਾਂ ਸਬ-ਡਵੀਜ਼ਨ ਦਫ਼ਤਰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਬਾਤ ਅਤੇ ਢਕੌਲੀ ਖੇਤਰ ਲਈ ਦੋ ਵੱਖ-ਵੱਖ ਕਮਰਸ਼ੀਅਲ ਸਬ-ਡਵੀਜ਼ਨ ਬਣਾਏ ਜਾਣਗੇ। ਇਸ ਫ਼ੈਸਲੇ ਨਾਲ ਢਕੌਲੀ, ਪੀਰਮੁੱਛਲਾ ਅਤੇ ਆਸ-ਪਾਸ ਦੀਆਂ ਕਾਲੋਨੀਆਂ 'ਚ ਰਹਿਣ ਵਾਲੇ ਹਜ਼ਾਰਾਂ ਬਿਜਲੀ ਖ਼ਪਤਕਾਰਾਂ ਨੂੰ ਸਿੱਧਾ ਲਾਭ ਮਿਲੇਗਾ। ਮੌਜੂਦਾ ਸਮੇਂ ਢਕੌਲੀ ਅਤੇ ਪੀਰਮੁੱਛਲਾ ਖੇਤਰ ਦੇ ਜ਼ਿਆਦਾਤਰ ਖ਼ਪਤਕਾਰਾਂ ਨੂੰ ਬਿਜਲੀ ਬਿੱਲਾਂ, ਨਵੇਂ ਕੁਨੈਕਸ਼ਨ, ਮੀਟਰ ਬਦਲਵਾਉਣ, ਲੋਡ ਵਧਾਉਣ ਜਾਂ ਘਟਾਉਣ, ਬਿਲਾਂ 'ਚ ਸੋਧ ਅਤੇ ਹੋਰ ਕਮਰਸ਼ੀਅਲ ਕੰਮਾਂ ਲਈ ਜ਼ੀਰਕਪੁਰ ਸਥਿਤ ਪਾਵਰਕਾਮ ਦਫ਼ਤਰ ਜਾਣਾ ਪੈਂਦਾ ਹੈ। ਵੱਧਦੀ ਆਬਾਦੀ ਕਾਰਨ ਉੱਥੇ ਹਰ ਰੋਜ਼ ਵੱਡੀ ਗਿਣਤੀ 'ਚ ਖ਼ਪਤਕਾਰ ਪਹੁੰਚਦੇ ਹਨ, ਜਿਸ ਨਾਲ ਕੰਮ ਦਾ ਦਬਾਅ ਵੀ ਲਗਾਤਾਰ ਵੱਧ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਵੀ ਸਰਕਾਰੀ ਬੱਸਾਂ ਬੰਦ, ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਤਾਜ਼ਾ ਅਪਡੇਟ

ਨਵੇਂ ਦਫ਼ਤਰ ਦੇ ਸ਼ੁਰੂ ਹੋਣ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੌਜੂਦਾ ਪ੍ਰਬੰਧ 'ਚ ਤਬਦੀਲੀ ਕੀਤੀ ਜਾ ਰਹੀ ਹੈ। ਇਸ ਤਹਿਤ 'ਕਮਰਸ਼ੀਅਲ-1' ਅਤੇ 'ਕਮਰਸ਼ੀਅਲ-2' ਦੇ ਨਾਂ ਹੇਠ ਦੋ ਵੱਖ-ਵੱਖ ਕਮਰਸ਼ੀਅਲ ਸਬ-ਡਵੀਜ਼ਨ ਬਣਾਏ ਜਾਣਗੇ। ਇੱਕ ਸਬ-ਡਵੀਜ਼ਨ ਭਬਾਤ ਅਤੇ ਦੂਜਾ ਢਕੌਲੀ ਤੋਂ ਸੰਚਾਲਿਤ ਹੋਵੇਗਾ, ਜਿਸ ਨਾਲ ਦੋਵੇਂ ਖੇਤਰਾਂ ਦੇ ਕੰਮ ਦਾ ਬੋਝ ਵੱਖ-ਵੱਖ ਵੰਡਿਆ ਜਾਵੇਗਾ ਅਤੇ ਖ਼ਪਤਕਾਰਾਂ ਨੂੰ ਤੇਜ਼ ਅਤੇ ਬਿਹਤਰ ਸੇਵਾਵਾਂ ਮਿਲ ਸਕਣਗੀਆਂ। ਵਿਭਾਗ ਵੱਲੋਂ ਨਵੇਂ ਦਫ਼ਤਰ ਲਈ ਟੈਂਡਰ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਲਈ ਢੁੱਕਵੇਂ ਭਵਨ ਦੀ ਭਾਲ ਜਾਰੀ ਹੈ। ਭਵਨ ਮਿਲਦੇ ਹੀ ਦਫ਼ਤਰ ਨੂੰ ਕਾਰਜਸ਼ੀਲ ਕਰ ਦਿੱਤਾ ਜਾਵੇਗਾ। ਇਸ ਨਵੇਂ ਸਬ-ਡਵੀਜ਼ਨ ਦਫ਼ਤਰ 'ਚ ਟੈਕਨੀਕਲ ਐੱਸ. ਡੀ. ਓ. ਦੇ ਨਾਲ ਕਮਰਸ਼ੀਅਲ ਐੱਸ. ਡੀ. ਓ. ਵੀ ਤਾਇਨਾਤ ਹੋਣਗੇ। ਇਸ ਨਾਲ ਬਿਜਲੀ ਸਪਲਾਈ ਨਾਲ ਜੁੜੀਆਂ ਤਕਨੀਕੀ ਸਮੱਸਿਆਵਾਂ, ਫਾਲਟ, ਟਰਾਂਸਫਾਰਮਰ, ਮੀਟਰ, ਬਿਲਿੰਗ ਅਤੇ ਨਵੇਂ ਕਨੈਕਸ਼ਨਾਂ ਵਰਗੀਆਂ ਸੇਵਾਵਾਂ ਦਾ ਨਿਪਟਾਰਾ ਸਥਾਨਕ ਪੱਧਰ 'ਤੇ ਹੀ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਰਾਹਤ ਭਰਿਆ ਫ਼ੈਸਲਾ

ਇਸ ਸਬੰਧੀ ਸੰਪਰਕ ਕਰਨ 'ਤੇ ਪਾਵਰਕਾਮ ਦੇ ਸੁਪਰੀਡੈਂਟ ਇੰਜੀਨੀਅਰ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਦੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਅਤੇ ਬਿਜਲੀ ਖ਼ਪਤਕਾਰਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਢਕੌਲੀ 'ਚ ਵੱਖਰਾ ਸਬ-ਡਵੀਜ਼ਨ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਸ਼ੁਰੂ ਹੋਣ ਤੋਂ ਬਾਅਦ ਢਕੌਲੀ, ਪੀਰਮੁੱਛਲਾ ਅਤੇ ਆਸ-ਪਾਸ ਦੇ ਖੇਤਰਾਂ ਦੇ ਹਜ਼ਾਰਾਂ ਖ਼ਪਤਕਾਰਾਂ ਨੂੰ ਬਿਜਲੀ ਸਬੰਧੀ ਜ਼ਿਆਦਾਤਰ ਕੰਮਾਂ ਲਈ ਜ਼ੀਰਕਪੁਰ ਦਫ਼ਤਰ ਨਹੀਂ ਜਾਣਾ ਪਵੇਗਾ। ਸਥਾਨਕ ਪੱਧਰ 'ਤੇ ਹੀ ਬਿਹਤਰ, ਸੁਚੱਜੀਆਂ ਅਤੇ ਸਮੇਂ ਸਿਰ ਸੇਵਾਵਾਂ ਉਪਲੱਬਧ ਹੋਣਗੀਆਂ, ਜਿਸ ਨਾਲ ਲੋਕਾਂ ਦੇ ਸਮੇਂ ਅਤੇ ਖ਼ਰਚ ਦੋਵਾਂ ਦੀ ਬੱਚਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News