ਪੰਜਾਬ: ਵਹੁਟੀ ਨੂੰ ਛੱਡ ਕੈਨੇਡਾ ਦੌੜ ਗਿਆ NRI ਲਾੜਾ!
Thursday, Jul 30, 2026 - 08:10 PM (IST)
ਮੋਹਾਲੀ (ਜੱਸੀ): ਮੋਹਾਲੀ ਤੋਂ ਧੋਖਾਧੜੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ NRI ਲਾੜਾ ਆਪਣੀ ਪਤਨੀ ਨੂੰ ਭਾਰਤ ਵਿਚ ਹੀ ਛੱਡ ਕੇ ਕੈਨੇਡਾ ਭੱਜ ਗਿਆ। ਪੀੜਤ ਮੁਟਿਆਰ ਮੁਤਾਬਕ, ਉਸ ਨੂੰ ਕੈਨੇਡਾ ਵਿਚ ਵਸਾਉਣ ਦੇ ਸੁਪਨੇ ਦਿਖਾ ਕੇ ਵਿਆਹ ਕੀਤਾ ਗਿਆ ਸੀ, ਪਰ ਵਿਆਹ ਤੋਂ ਤੁਰੰਤ ਬਾਅਦ ਹੀ ਪਤੀ ਅਤੇ ਉਸ ਦੇ ਪਰਿਵਾਰ ਨੇ ਨਕਦੀ, ਲਗਜ਼ਰੀ ਕਾਰ ਅਤੇ ਮਹਿੰਗੇ ਸਾਮਾਨ ਦੀ ਮੰਗ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ, ਨਗਮਾ ਦਾ ਵਿਆਹ ਫਰਵਰੀ 2024 ਵਿਚ ਮੋਹਾਲੀ ਵਿਖੇ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਆਮਿਰ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਲੜਕੇ ਵਾਲਿਆਂ ਨੇ ਭਰੋਸਾ ਦਿੱਤਾ ਸੀ ਕਿ ਆਮਿਰ ਕੈਨੇਡਾ ਵਿਚ ਸੈਟਲ ਹੈ ਅਤੇ ਵਿਆਹ ਦੇ ਕੁਝ ਹਫ਼ਤਿਆਂ ਦੇ ਅੰਦਰ ਹੀ ਨਗਮਾ ਨੂੰ ਵੀ ਉੱਥੇ ਬੁਲਾ ਲਵੇਗਾ। ਨਗਮਾ ਦੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਦਿਆਂ ਗਹਿਣੇ, ਨਕਦੀ ਅਤੇ ਮਹਿੰਗੇ ਤੋਹਫ਼ੇ ਦਿੱਤੇ, ਪਰ ਸਹੁਰਾ ਪਰਿਵਾਰ ਫਿਰ ਵੀ ਖੁਸ਼ ਨਹੀਂ ਸੀ।
ਪੀੜਤਾ ਨੇ ਦੱਸਿਆ ਕਿ ਉਸ ਦੀ ਸੱਸ ਵੱਲੋਂ ਉਸ ਨੂੰ ਲਗਾਤਾਰ ਤਾਅਨੇ ਦਿੱਤੇ ਜਾਂਦੇ ਸਨ ਕਿ NRI ਲਾੜਾ ਹੋਣ ਦੇ ਨਾਤੇ ਵਿਆਹ ਕਿਸੇ ਫਾਈਵ ਸਟਾਰ ਹੋਟਲ ਵਿਚ ਹੋਣਾ ਚਾਹੀਦਾ ਸੀ ਅਤੇ ਵਿਆਹ ਦਾ ਬਜਟ 1 ਕਰੋੜ ਰੁਪਏ ਤੋਂ ਵੱਧ ਹੋਣਾ ਚਾਹੀਦਾ ਸੀ। ਵਿਰੋਧ ਕਰਨ 'ਤੇ ਲੜਕੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਸਾਰੇ ਗਹਿਣੇ ਕਬਜ਼ੇ ਵਿਚ ਲੈ ਲਏ ਗਏ। ਇਸ ਤੋਂ ਬਾਅਦ ਪਤੀ ਉਸ ਨੂੰ ਭਾਰਤ ਵਿਚ ਹੀ ਛੱਡ ਕੇ ਵਾਪਸ ਕੈਨੇਡਾ ਚਲਾ ਗਿਆ। ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਹਾਲੀ ਪੁਲਸ ਨੇ NRI ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
