ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਟ੍ਰੈਫਿਕ ਨੂੰ ਲੈ ਕੇ ਮਨੀਸ਼ ਤਿਵਾੜੀ ਵੱਲੋਂ ਰੇਲਵੇ ਮੰਤਰੀ ਨੂੰ ਗੁਹਾਰ

Monday, Jul 27, 2026 - 12:14 PM (IST)

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਟ੍ਰੈਫਿਕ ਨੂੰ ਲੈ ਕੇ ਮਨੀਸ਼ ਤਿਵਾੜੀ ਵੱਲੋਂ ਰੇਲਵੇ ਮੰਤਰੀ ਨੂੰ ਗੁਹਾਰ

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਆਸ-ਪਾਸ ਲੱਗਦੇ ਭਾਰੀ ਜਾਮ ਤੇ ਟ੍ਰੈਫਿਕ ਪ੍ਰਬੰਧਾਂ ਦੇ ਬੁਰੇ ਹਾਲ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦੱਸਿਆ ਕਿ ਮੱਧ ਮਾਰਗ ਦੇ ਲਾਈਟ ਪੁਆਇੰਟ ਤੋਂ ਰੇਲਵੇ ਸਟੇਸ਼ਨ ਤੱਕ ਦਾ ਸਿਰਫ਼ ਇਕ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਡੇਢ ਘੰਟੇ ਦਾ ਸਮਾਂ ਲੱਗਿਆ, ਇਸ ਕਾਰਨ ਕਈ ਯਾਤਰੀਆਂ ਦੀ ਟਰੇਨ ਵੀ ਛੁੱਟ ਗਈ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਤਿਵਾੜੀ ਨੇ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ, ਚੰਡੀਗੜ੍ਹ ਪੁਲਸ ਦੇ ਡੀ.ਜੀ.ਪੀ. ਸਾਗਰ ਹੁੱਡਾ ਨੂੰ ਟੈਗ ਕਰਦਿਆਂ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਤੇ ਚੰਡੀਗੜ੍ਹ ਪੁਲਸ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਤੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ।

ਉਨ੍ਹਾਂ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਟ੍ਰੈਫਿਕ ਵਿਵਸਥਾ ਸੁਧਾਰਨ ਦੇ ਸਖ਼ਤ ਨਿਰਦੇਸ਼ ਦੇਣ। ਇਸ ਦੇ ਨਾਲ ਹੀ ਡੀ.ਜੀ.ਪੀ. ਚੰਡੀਗੜ੍ਹ ਪੁਲਸ ਨੂੰ ਕਿਹਾ ਗਿਆ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਸਟੇਸ਼ਨ ’ਤੇ ਤਾਇਨਾਤ ਆਰ.ਪੀ.ਐੱਫ. ਤੇ ਹਰਿਆਣਾ ਪੁਲਸ ਨਾਲ ਤਾਲਮੇਲ ਕਰਨ ਲਈ ਕਹਿਣ। ਸਾਗਰ ਹੁੱਡਾ ਦਾ ਜ਼ਿਕਰ ਕਰਦਿਆਂ ਤਿਵਾੜੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਤਿੰਨ ਵਾਰ ਨਿੱਜੀ ਤੌਰ ’ਤੇ ਐੱਸ.ਐੱਸ.ਪੀ. ਟ੍ਰੈਫਿਕ ਦੇ ਧਿਆਨ ’ਚ ਇਹ ਮਾਮਲਾ ਲਿਆ ਚੁੱਕੇ ਹਨ, ਪਰ ਅਫਸੋਸ ਕਿ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਆਸ-ਪਾਸ ਕਿਤੇ ਵੀ ਚੰਡੀਗੜ੍ਹ ਪੁਲਸ ਦਾ ਇਕ ਵੀ ਟ੍ਰੈਫਿਕ ਮੁਲਾਜ਼ਮ ਨਜ਼ਰ ਨਹੀਂ ਆਉਂਦਾ, ਜੋ ਇਸ ਗੰਭੀਰ ਲਾਪਰਵਾਹੀ ਨੂੰ ਦਰਸਾਉਂਦਾ ਹੈ।


author

Babita

Content Editor

Related News