ਕਿਰਾਏਦਾਰਾਂ ਨੇ ਕੀਤਾ ਮਕਾਨ ਮਾਲਕ ''ਤੇ ਹਮਲਾ

Sunday, Jun 10, 2018 - 04:21 PM (IST)

ਬਠਿੰਡਾ (ਬਲਵਿੰਦਰ)-ਗੋਪਾਲ ਨਗਰ 'ਚ ਪੰਜਾਬ ਪਬਲਿਕ ਸਕੂਲ ਦੇ ਪ੍ਰਿੰਸੀਪਲ ਬਲਜੀਤ ਸਿੰਘ 'ਤੇ ਸਕੂਲ 'ਚ ਹੀ ਕਿਰਾਏ 'ਤੇ ਰਹਿਣ ਵਾਲੇ ਇਕ ਪਰਿਵਾਰ ਦੇ ਮੈਂਬਰਾਂ ਨੇ ਹਮਲਾ ਕਰ ਦਿੱਤਾ। ਗੁਆਂਢੀਆਂ ਨੇ ਪਹੁੰਚ ਕੇ ਉਸਨੂੰ ਉਕਤ ਲੋਕਾਂ ਤੋਂ ਛੁਡਵਾਇਆ ਤੇ ਸਿਵਲ ਹਸਪਤਾਲ ਦਾਖਲ ਕਰਵਾਇਆ। ਹਸਪਤਾਲ 'ਚ ਦਾਖਲ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਗੋਪਾਲ ਨਗਰ ਵਿਚ ਪੰਜਾਬ ਪਬਲਿਕ ਸਕੂਲ ਚਲਾਉਂਦਾ ਹੈ। ਉਸਨੇ ਸਕੂਲ ਦੇ ਕੁਝ ਕਮਰੇ ਕਿਰਾਏ 'ਤੇ ਦਿੱਤੇ ਹੋਏ ਹਨ, ਜਿਸ 'ਚ ਔਰਤ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਉਸਨੇ ਦੱਸਿਆ ਕਿ ਉਕਤ ਔਰਤ ਉਸਦਾ ਉਕਤ ਕਮਰਾ ਹੜੱਪਣਾ ਚਾਹੁੰਦੀ ਹੈ, ਜਿਸ ਕਾਰਨ ਉਹ ਉਸ 'ਤੇ ਝੂਠਾ ਪੁਲਸ ਕੇਸ ਵੀ ਦਰਜ ਕਰਵਾ ਚੁੱਕੀ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਉਹ ਸਕੂਲ 'ਚ ਬਣੇ ਕਮਰੇ 'ਚ ਆਪਣਾ ਮੋਟਰਸਾਈਕਲ ਲੈਣ ਲਈ ਆਇਆ ਤਾਂ ਉਕਤ ਔਰਤ ਨੇ ਹੋਰ ਮੈਂਬਰਾਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿਤਾ। ਉਨ੍ਹਾਂ ਨੇ ਉਸਦੀ ਪਗੜੀ ਉਤਾਰ ਦਿੱਤੀ ਤੇ ਉਸਨੂੰ ਵਾਲਾਂ ਤੋਂ ਫੜ ਕੇ ਹੇਠਾ ਸੁੱਟ ਦਿੱਤਾ। ਔਰਤ ਨੇ ਉਸਨੂੰ ਦੰਦਾਂ ਨਾਲ ਵੀ ਕੱਟਿਆ। ਸ਼ੋਰ ਸੁਣ ਕੇ ਨਜ਼ਦੀਕੀ ਗੁਆਂਢੀਆਂ ਨੇ ਉਥੇ ਪਹੁੰਚ ਕੇ ਉਸਨੂੰ ਉਕਤ ਲੋਕਾਂ ਤੋਂ ਛੁਡਵਾਇਆ ਤੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਉਸਨੇ ਪੁਲਸ ਵਿਭਾਗ ਤੋਂ ਮੰਗ ਕੀਤੀ ਕਿ ਉਕਤ ਔਰਤ ਤੇ ਉਸਦੇ ਪਰਿਵਾਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।


Related News