ਬੁੱਢੇਵਾਲ ਦੇ ਸਰਪੰਚ ''ਤੇ ਜਾਨਲੇਵਾ ਹਮਲਾ! ਬਾਊਂਸਰਾਂ ਨਾਲ ਆਏ ਹਮਲਾਵਰਾਂ ਨੇ ਵਰ੍ਹਾਈਆਂ ਗੋਲੀਆਂ
Thursday, Apr 23, 2026 - 05:55 PM (IST)
ਲੁਧਿਆਣਾ (ਰਾਜ): ਜ਼ਿਲ੍ਹੇ ਦੇ ਪਿੰਡ ਬੁੱਢੇਵਾਲ ਵਿਚ ਪੁਰਾਣੀ ਰੰਜਿਸ਼ ਅਤੇ ਦਬਦਬੇ ਦੀ ਲੜਾਈ ਨੇ ਉਸ ਸਮੇਂ ਖੂਨੀ ਮੋੜ ਲੈ ਲਿਆ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਸ਼ਰੇਆਮ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਨਾ ਸਿਰਫ਼ ਸਰਪੰਚ ਨੂੰ ਜਾਤੀਸੂਚਕ ਸ਼ਬਦ ਕਹੇ, ਸਗੋਂ ਉਨ੍ਹਾਂ ਦੇ ਭਤੀਜੇ 'ਤੇ ਰਿਵਾਲਵਰ ਨਾਲ ਫਾਇਰਿੰਗ ਕੀਤੀ ਅਤੇ ਭਰਾ ਨੂੰ ਗੱਡੀ ਦੇ ਹੇਠਾਂ ਦਰੜਣ ਦੀ ਕੋਸ਼ਿਸ਼ ਕੀਤੀ। ਥਾਣਾ ਜਮਾਲਪੁਰ ਦੀ ਪੁਲਸ ਨੇ ਇਸ ਮਾਮਲੇ ਵਿਚ ਬਲਵਿੰਦਰ ਸਿੰਘ, ਬਲਵੰਤ ਸਿੰਘ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ 'ਤੇ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੇ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ।
ਪੁਲਸ ਨੂੰ ਦਿੱਤੇ ਬਿਆਨ ਵਿਚ ਪਿੰਡ ਬੁੱਢੇਵਾਲ ਦੇ ਸਰਪੰਚ ਇੰਦਰਜੀਤ ਸਿੰਘ ਨੇ ਦੱਸਿਆ ਕਿ 21 ਅਪ੍ਰੈਲ ਨੂੰ ਉਹ ਪੰਚਾਇਤ ਮੈਂਬਰ ਕਰਮਵੀਰ ਸਿੰਘ ਦੇ ਨਾਲ ਪਿੰਡ ਦੇ ਖੇਡ ਮੈਦਾਨ ਵਿਚ ਕੰਮ ਕਰਵਾ ਰਹੇ ਸਨ। ਇਸੇ ਦੌਰਾਨ ਮੁਲਜ਼ਮ ਬਲਵੰਤ ਸਿੰਘ ਆਪਣੇ ਨਾਲ ਦੋ ਹਥਿਆਰਬੰਦ ਬਾਊਂਸਰ ਲੈ ਕੇ ਉੱਥੇ ਪਹੁੰਚਿਆ ਅਤੇ ਗਾਲੀ-ਗਲੋਚ ਕਰਦੇ ਹੋਏ ਸਰਪੰਚ ਨੂੰ ਜਾਤੀਸੂਚਕ ਸ਼ਬਦ ਬੋਲੇ। ਉਸ ਵੇਲੇ ਉੱਥੇ ਮੌਜੂਦ ਲੋਕਾਂ ਨੇ ਵਿਚ-ਬਚਾਅ ਕਰਕੇ ਮਾਮਲਾ ਸ਼ਾਂਤ ਕਰਵਾ ਦਿੱਤਾ, ਪਰ ਇਹ ਤਾਂ ਸਿਰਫ਼ ਇਕ ਖ਼ੌਫ਼ਨਾਕ ਸ਼ੁਰੂਆਤ ਸੀ। ਸਰਪੰਚ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਰਿਆਨਾ ਦੁਕਾਨ 'ਤੇ ਮੌਜੂਦ ਸਨ, ਤਾਂ ਬਲਵੰਤ ਸਿੰਘ ਆਪਣੀ ਮੈਗਨਾਈਟ ਗੱਡੀ ਵਿਚ ਬਾਊਂਸਰਾਂ ਦੇ ਨਾਲ ਉੱਥੇ ਦੁਬਾਰਾ ਆਇਆ ਅਤੇ ਲਲਕਾਰਨ ਲੱਗਾ। ਵਿਵਾਦ ਵਧਣ 'ਤੇ ਬਲਵੰਤ ਨੇ ਆਪਣੇ ਭਰਾ ਬਲਵਿੰਦਰ ਸਿੰਘ ਨੂੰ ਵੀ ਮੌਕੇ 'ਤੇ ਬੁਲਾ ਲਿਆ। ਦੋਸ਼ ਹੈ ਕਿ ਬਲਵੰਤ ਨੇ ਸਰਪੰਚ ਦੇ 28 ਸਾਲਾ ਭਤੀਜੇ ਲਵਪ੍ਰੀਤ ਸਿੰਘ ਨੂੰ ਚੌਕ ਵਿਚ ਘੇਰ ਲਿਆ, ਉਦੋਂ ਹੀ ਬਲਵਿੰਦਰ ਸਿੰਘ ਘਰੋਂ ਰਿਵਾਲਵਰ ਕੱਢ ਲਿਆਇਆ ਅਤੇ ਲਵਪ੍ਰੀਤ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਸਿੱਧਾ ਫਾਇਰ ਕਰ ਦਿੱਤਾ। ਪੀੜਤ ਨੇ ਭੱਜ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਖੂਨੀ ਖੇਡ ਇੱਥੇ ਖ਼ਤਮ ਨਹੀਂ ਹੋਈ। ਮੁਲਜ਼ਮ ਬਲਵੰਤ ਸਿੰਘ ਨੇ ਸਰਪੰਚ ਦੇ 40 ਸਾਲਾ ਭਰਾ ਪਰਮਜੀਤ ਸਿੰਘ 'ਤੇ ਆਪਣੀ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਪਰਮਜੀਤ ਨੂੰ ਕਾਫੀ ਗੰਭੀਰ ਸੱਟਾਂ ਆਈਆਂ। ਵਾਰਦਾਤ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋਣ ਲੱਗੇ, ਪਰ ਹੜਬੜਾਹਟ ਵਿਚ ਬਲਵਿੰਦਰ ਸਿੰਘ ਦੇ ਹੱਥੋਂ ਉਸ ਦਾ ਰਿਵਾਲਵਰ ਮੌਕੇ 'ਤੇ ਹੀ ਹੇਠਾਂ ਡਿੱਗ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਘੇਰਾਬੰਦੀ ਕੀਤੀ ਅਤੇ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੌਕੇ ਤੋਂ 32 ਬੋਰ ਦਾ ਰਿਵਾਲਵਰ, 4 ਜਿੰਦਾ ਕਾਰਤੂਸ ਅਤੇ 1 ਖਾਲੀ ਖੋਲ ਬਰਾਮਦ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਅਤੇ ਉਸ ਦੇ ਬਾਊਂਸਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੰਡ ਵਿਚ ਤਣਾਅ ਨੂੰ ਦੇਖਦੇ ਹੋਏ ਪੁਲਸ ਫ਼ੋਰਸ ਤਾਇਨਾਤ ਕਰ ਦਿੱਤਾ ਗਿਆ ਹੈ।
