ਨਕੋਦਰ ''ਚ ਕਾਲਜ ਬੱਸ ਘੇਰ ਕੇ ਵਿਦਿਆਰਥੀ ''ਤੇ ਕਾਤਲਾਨਾ ਹਮਲਾ, 6 ਮੁਲਜ਼ਮ ਹਥਿਆਰਾਂ ਤੇ ਗੱਡੀਆਂ ਸਣੇ ਕਾਬੂ

Thursday, Apr 30, 2026 - 01:38 AM (IST)

ਨਕੋਦਰ ''ਚ ਕਾਲਜ ਬੱਸ ਘੇਰ ਕੇ ਵਿਦਿਆਰਥੀ ''ਤੇ ਕਾਤਲਾਨਾ ਹਮਲਾ, 6 ਮੁਲਜ਼ਮ ਹਥਿਆਰਾਂ ਤੇ ਗੱਡੀਆਂ ਸਣੇ ਕਾਬੂ

ਨਕੋਦਰ (ਪਾਲੀ) : ਥਾਣਾ ਸਦਰ ਪੁਲਸ ਨੇ ਨਕੋਦਰ-ਜਲੰਧਰ ਹਾਈਵੇ ’ਤੇ ਇਕ ਕਾਲਜ ਦੀ ਬੱਸ ਨੂੰ ਘੇਰ ਕੇ ਵਿਦਿਆਰਥੀ ਦੀ ਕੁੱਟਮਾਰ ਕਰਨ ਅਤੇ ਇਲਾਕੇ ’ਚ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 6 ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਅਤੇ 2 ਗੱਡੀਆਂ ਸਮੇਤ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

PunjabKesari

ਡੀ. ਐੱਸ. ਪੀ. ਨਕੋਦਰ ਉਂਕਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 28 ਅਪ੍ਰੈਲ ਨੂੰ ਸੀ. ਟੀ. ਕਾਲਜ ਜਲੰਧਰ ਦੀ ਬੱਸ ਵਿਦਿਆਰਥੀਆਂ ਨੂੰ ਛੱਡਣ ਲਈ ਜਲੰਧਰ ਤੋਂ ਨਕੋਦਰ ਵੱਲ ਆ ਰਹੀ ਸੀ। ਜਦੋਂ ਬੱਸ ਨਕੋਦਰ-ਜਲੰਧਰ ਹਾਈਵੇ ’ਤੇ ਪਿੰਡ ਮੁੱਧ ਪੈਟਰੋਲ ਪੰਪ ਨੇੜੇ ਸ਼ਾਮ ਲਗਭਗ 5 ਵਜੇ ਪਹੁੰਚੀ ਤਾਂ 3 ਗੱਡੀਆਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹਮਲਾਵਰਾਂ ਵੱਲੋਂ ਬੱਸ ਨੂੰ ਘੇਰ ਲਿਆ ਗਿਆ। ਉਕਤ ਵਿਅਕਤੀਆਂ ਨੇ ਤੇਜ਼ਧਾਰ ਤੇ ਮਾਰੂ ਹਥਿਆਰਾਂ ਨਾਲ ਬੱਸ ’ਚ ਦਾਖਲ ਹੋ ਕੇ ਵਿਦਿਆਰਥੀ ਹਰਸਾਹਿਲ ਸਿੰਘ ਉਰਫ਼ ਸਾਹਿਲ ਪੁੱਤਰ ਬਲਵਿੰਦਰ ਸਿੰਘ ਵਾਸੀ ਇਸਮਾਈਲਪੁਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਕਾਰਨ ਬੱਸ ’ਚ ਸਵਾਰ ਵਿਦਿਆਰਥੀਆਂ ਅਤੇ ਰਾਹਗੀਰਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : NRI ਦੇ ਭਰੋਸੇ ਦਾ 'ਕਤਲ': ਜਿਸ ਰਿਸ਼ਤੇਦਾਰ ਨੂੰ ਸੌਂਪੀਆਂ ਸਨ ਘਰ ਦੀਆਂ ਚਾਬੀਆਂ, ਉਹੀ ਨਿਕਲਿਆ 'ਚੋਰ'

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਦੇ ਦਿਸ਼ਾ-ਹੁਕਮਾਂ ਹੇਠ ਡੀ. ਐੱਸ. ਪੀ. ਉਂਕਾਰ ਸਿੰਘ ਬਰਾੜ ਦੀ ਅਗਵਾਈ ’ਚ ਸਦਰ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਪੁਸ਼ਪ ਬਾਲੀ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਪੁਲਸ ਟੀਮਾਂ ਨੇ ਤਕਨੀਕੀ ਢੰਗ ਨਾਲ ਤਫ਼ਤੀਸ਼ ਕਰਦਿਆਂ 13 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਦਲਵੀਰ ਸਿੰਘ ਉਰਫ਼ ਬਾਵਾ ਵਾਸੀ ਇਸਮਾਈਲਪੁਰ, ਤਲਵਿੰਦਰ ਸਿੰਘ ਉਰਫ਼ ਤੇਜੀ ਵਾਸੀ ਖਾਨਪੁਰ ਢੱਡਾ, ਅਸ਼ਨ ਕੁਮਾਰ ਵਾਸੀ ਤਲਵੰਡੀ ਸਲੇਮ, ਪਰਵਿੰਦਰ ਸਿੰਘ ਉਰਫ਼ ਪਰਮ ਵਾਸੀ ਨਸ਼ੀਰੇਵਾਲ (ਜ਼ਿਲ੍ਹਾ ਕਪੂਰਥਲਾ), ਹਰਦੀਪ ਸਿੰਘ ਦੀਪਾ ਅਤੇ ਸਾਗਰ ਵਾਸੀ ਤਲਵੰਡੀ ਸਲੇਮ ਵਜੋਂ ਹੋਈ ਹੈ।

PunjabKesari

ਡੀ. ਐੱਸ. ਪੀ. ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਸਮੀਖਿਆ ਅਤੇ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਬਾਕੀ ਫਰਾਰ 7 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News