ਪੰਜਾਬ : ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਕਰ ‘ਤਾ ਬਿਜਲੀ ਘਰ ‘ਤੇ ਹਮਲਾ, ਗੇਟ ਭੰਨ ਸਪਲਾਈ ਕੀਤੀ ਚਾਲੂ
Wednesday, Apr 22, 2026 - 12:04 PM (IST)
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਵਡਾਲਾ ਭਿੱਟੇਵਡ ਸਥਿਤ ਬਿਜਲੀ ਘਰ ਵਿੱਚ ਉਸ ਸਮੇਂ ਭਾਰੀ ਤਣਾਅ ਪੈਦਾ ਹੋ ਗਿਆ ਜਦੋਂ ਬਿਜਲੀ ਕੱਟਾਂ ਤੋਂ ਭੜਕੇ ਨੇੜਲੇ ਪਿੰਡਾਂ ਦੇ ਲਗਭਗ 20 ਤੋਂ 25 ਲੋਕਾਂ ਨੇ ਗੇਟ ਤੋੜ ਕੇ ਅੰਦਰ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਇਨ੍ਹਾਂ ਲੋਕਾਂ ਨੇ ਨਾ ਸਿਰਫ ਬਿਜਲੀ ਘਰ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਬਲਕਿ ਡਿਊਟੀ 'ਤੇ ਮੌਜੂਦ ਕਰਮਚਾਰੀਆਂ ਨਾਲ ਬਦਸਲੂਕੀ ਅਤੇ ਧੱਕਾ-ਮੁੱਕੀ ਵੀ ਕੀਤੀ।
ਡਿਊਟੀ ‘ਤੇ ਮੌਜੂਦ ਕਰਮਚਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਕੁਝ ਲੋਕਾਂ ਨੇ ਅੰਦਰ ਦਾਖਲ ਹੋ ਕੇ ਫੀਡਰ ਨਾਲ ਛੇੜਛਾੜ ਕੀਤੀ ਅਤੇ ਜਬਰਦਸਤੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ। ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਹਮਲਾਵਰਾਂ ਵਿੱਚੋਂ ਕੁਝ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸਨ, ਜਿਨ੍ਹਾਂ ਨੇ ਸਟਾਫ ਨੂੰ ਗਾਲੀ-ਗਲੌਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਬਿਜਲੀ ਵਿਭਾਗ ਦੇ ਕਰਮਚਾਰੀਆਂ ਅਨੁਸਾਰ, ਉਹ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਸਨ, ਪਰ ਭੀੜ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਐਸ.ਐਚ.ਓ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਦੀ ਪਹਿਚਾਣ ਕਰਕੇ ਜਲਦ ਹੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਇਸ ਘਟਨਾ ਕਾਰਨ ਕਰਮਚਾਰੀਆਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
Related News
ਪੀ-ਟੈੱਟ ਪੇਪਰ ਤੋਂ ਪਹਿਲਾਂ ਹੀ ਸਿੱਖਿਆ ਪ੍ਰਣਾਲੀ ਫੇਲ੍ਹ: ਤਰੀਕ ਬਦਲੀ, ਐਡਮਿਟ ਕਾਰਡਾਂ 'ਚ ਦੇਰੀ ਨਾਲ ਉਮੀਦਵਾਰ ਪ੍ਰੇਸ਼ਾਨ
