ਜਲੰਧਰ ''ਚ ਜੰਗਲ ਰਾਜ! ਫਾਲਟ ਠੀਕ ਕਰ ਰਹੇ ਪਾਵਰਕਾਮ ਮੁਲਾਜ਼ਮ ''ਤੇ ਹਮਲਾ, ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ
Monday, Apr 20, 2026 - 07:17 AM (IST)
ਜਲੰਧਰ (ਜ.ਬ.) : ਗੁੱਜਾ ਪੀਰ ਰੋਡ ’ਤੇ ਸ਼ਨੀਵਾਰ ਅੱਧੀ ਰਾਤ ਨੂੰ ਬਿਜਲੀ ਦਾ ਫਾਲਟ ਚੈੱਕ ਕਰ ਰਹੇ ਪਾਵਰਕਾਮ ਦੇ ਲਾਈਨਮੈਨ ’ਤੇ ਬਾਈਕ ਸਵਾਰ 3 ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਲਾਈਨਮੈਨ ਦਾ ਮੋਬਾਈਲ ਖੋਹ ਲਿਆ, ਜਦਕਿ ਲਾਈਨਮੈਨ ਦੇ ਸਾਥੀ ਕਰਮਚਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ। ਥਾਣਾ ਨੰਬਰ 8 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਲਾਈਨਮੈਨ ਮਨੋਹਰ ਲਾਲ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਗੁੱਜਾ ਪੀਰ ਰੋਡ ਤੋਂ ਬਿਜਲੀ ਸਬੰਧੀ ਸ਼ਿਕਾਇਤਾਂ ਆਈਆਂ ਸਨ। ਉਹ ਚੈਕਿੰਗ ਲਈ ਆਪਣੇ ਸਾਥੀ ਰਾਜਵੀਰ ਨਾਲ ਨਿਕਲ ਗਏ। ਉਨ੍ਹਾਂ ਕਿਹਾ ਕਿ ਉਹ ਗੁੱਜਾ ਪੀਰ ਰੋਡ ’ਤੇ ਬਿਜਲੀ ਦਾ ਫਾਲਟ ਚੈੱਕ ਹੀ ਕਰ ਰਹੇ ਸਨ ਕਿ ਬਾਈਕ ਸਵਾਰ ਤਿੰਨ ਨੌਜਵਾਨ ਆਏ ਅਤੇ ਆਉਂਦੇ ਹੀ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਹ ਸਭ ਕੁਝ ਦੇਖ ਕੇ ਰਾਜਵੀਰ ਭੱਜ ਗਿਆ, ਪਰ ਲੁਟੇਰਿਆਂ ਨੇ ਮਨੋਹਰ ਲਾਲ ਦਾ ਮੋਬਾਈਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਰਾਜਵੀਰ ਨੇ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਵੀ ਮੌਕੇ ’ਤੇ ਪਹੁੰਚ ਗਏ ਅਤੇ ਫਿਰ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਵਾਈਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦਾ ਨੁਕਸਾਨ
ਐਮਰਜੈਂਸੀ ਸੇਵਾਵਾਂ ਦੇਣ ਵਾਲੇ ਵੀ ਅਸੁਰੱਖਿਅਤ
ਇਸ ਘਟਨਾ ਨੇ ਦਿਨ-ਰਾਤ ਸੇਵਾਵਾਂ ਦੇਣ ਵਾਲੇ ਤੰਤਰ ਨੂੰ ਦਹਿਸ਼ਤ ਵਿਚ ਪਾ ਦਿੱਤਾ ਹੈ। ਗਰਮੀਆਂ ਦੇ ਸਮੇਂ ਵਿਚ ਅਕਸਰ ਦਿਨ-ਰਾਤ ਬਿਜਲੀ ਦੇ ਫਾਲਟ ਆਉਂਦੇ ਹਨ, ਜਿਨ੍ਹਾਂ ਨੂੰ ਠੀਕ ਕਰਨ ਲਈ ਪਾਵਰਕਾਮ ਦੇ ਕਰਮਚਾਰੀ ਸਮਾਂ ਨਹੀਂ ਦੇਖਦੇ ਅਤੇ ਫਾਲਟ ਠੀਕ ਕਰਨ ਲਈ ਰਵਾਨਾ ਹੋ ਜਾਂਦੇ ਹਨ। ਪਰ ਇਸ ਤਰ੍ਹਾਂ ਦੀ ਘਟਨਾ ਨੇ ਹੁਣ ਸਿਰਫ਼ ਪਾਵਰਕਾਮ ਦੇ ਫੀਲਡ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੀ ਨਹੀਂ, ਸਗੋਂ ਰਾਤ ਦੇ ਸਮੇਂ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਨੂੰ ਵੀ ਦਹਿਸ਼ਤ ਵਿਚ ਪਾ ਦਿੱਤਾ ਹੈ। ਇਸ ਤੋਂ ਪਹਿਲਾਂ ਘਰਾਂ ਵਿਚ ਡਿਲੀਵਰੀ ਦੇਣ ਵਾਲਿਆਂ ਨੂੰ ਵੀ ਇਸੇ ਰਸਤੇ ਵਿਚ ਰੋਕ ਕੇ ਲੁੱਟ ਲਿਆ ਜਾਂਦਾ ਸੀ, ਜਿਸ ਤੋਂ ਬਾਅਦ ਡਿਲੀਵਰੀ ਬੁਆਏ ਹੁਣ ਗਰੁੱਪ ਬਣਾ ਕੇ ਸਾਮਾਨ ਦੀ ਡਿਲੀਵਰੀ ਕਰਨ ਜਾਂਦੇ ਹਨ। ਇਸ ਦੇ ਨਾਲ ਹੀ ਹੋਟਲ ਅਤੇ ਰੈਸਟੋਰੈਂਟ ਦੇ ਵੇਟਰਾਂ ਤੋਂ ਲੈ ਕੇ ਦੇਰ ਰਾਤ ਕੰਮ ਤੋਂ ਘਰ ਪਰਤ ਰਹੇ ਲੋਕਾਂ ਵਿਚ ਵੀ ਲੁਟੇਰਿਆਂ ਦਾ ਡਰ ਬਣਿਆ ਹੋਇਆ ਹੈ, ਪਰ ਇਨ੍ਹਾਂ ਵਾਰਦਾਤਾਂ ਵਿਚ ਕੋਈ ਕਮੀ ਨਹੀਂ ਆਈ। ਅਕਸਰ ਦੇਖਿਆ ਜਾਂਦਾ ਹੈ ਕਿ ਰਾਤ ਵੇਲੇ ਸੜਕਾਂ ’ਤੇ ਪੁਲਸ ਹੀ ਨਹੀਂ ਹੁੰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
