ਪੰਜਾਬ ਪੁਲਸ ਦੇ ਮੁਲਾਜ਼ਮਾਂ ''ਤੇ ਹਮਲਾ! ਲਾਹੀ ਪੱਗ ਤੇ ਪਾੜ ਦਿੱਤੀ ਵਰਦੀ

Sunday, May 03, 2026 - 06:25 PM (IST)

ਪੰਜਾਬ ਪੁਲਸ ਦੇ ਮੁਲਾਜ਼ਮਾਂ ''ਤੇ ਹਮਲਾ! ਲਾਹੀ ਪੱਗ ਤੇ ਪਾੜ ਦਿੱਤੀ ਵਰਦੀ

ਫਾਜ਼ਿਲਕਾ (ਸੁਨੀਲ ਨਾਗਪਾਲ): ਫ਼ਾਜ਼ਿਲਕਾ ਵਿਚ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਵਿਵਾਦ ਨੂੰ ਲੈ ਕੇ ਮੌਕੇ 'ਤੇ ਪਹੁੰਚੀ ਪੁਲਸ ਟੀਮ ਨਾਲ ਝਗੜਾ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਹੈ। ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਇਕ ਪੁਲਸ ਮੁਲਾਜ਼ਮ ਦੀ ਪੱਗ ਉਤਰ ਗਈ ਅਤੇ ਵਰਦੀ ਵੀ ਪਾੜ ਦਿੱਤੀ ਗਈ। ਐੱਸ.ਐੱਚ.ਓ (SHO) ਸਮੇਤ ਤਿੰਨ ਪੁਲਸ ਕਰਮਚਾਰੀਆਂ ਨੂੰ ਇਸ ਦੌਰਾਨ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਮਾਮਲੇ ਵਿਚ ਪੁਲਸ ਨੇ ਕਰੀਬ ਅੱਠ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਚਾਰ ਲੋਕਾਂ ਨੂੰ ਨਾਮਜ਼ਦ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਐਸ.ਐਚ.ਓ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਖੂਈਖੇੜਾ ਦੇ ਐੱਸ.ਐੱਚ.ਓ ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਖੂਈਖੇੜਾ ਦੇ ਅਧੀਨ ਪੈਂਦੇ ਪਿੰਡ ਮੁਰਾਦਵਾਲਾ ਭੋਮਗੜ੍ਹ ਵਿਚ ਤਿੰਨ ਕਨਾਲ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਹੈ। ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਜ਼ਮੀਨ ਵਾਹੁਣ ਨੂੰ ਲੈ ਕੇ ਆਪਸ ਵਿਚ ਰਿਸ਼ਤੇਦਾਰੀ ਵਿਚ ਲੱਗਦੇ ਚਾਚੇ-ਤਾਏ ਦੇ ਪੁੱਤ ਆਹਮੋ-ਸਾਹਮਣੇ ਹੋ ਗਏ ਹਨ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਟਰੈਕਟਰ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।

ਐੱਸ.ਐੱਚ.ਓ ਮੁਤਾਬਕ ਇਕ ਪੱਖ ਦਾ ਇਲਜ਼ਾਮ ਸੀ ਕਿ ਦੂਜੇ ਪੱਖ ਕੋਲ ਤਿੰਨ ਕਨਾਲ ਜ਼ਮੀਨ ਜ਼ਿਆਦਾ ਹੈ, ਜਿਸ ਕਾਰਨ ਵਿਵਾਦ ਹੋ ਰਿਹਾ ਸੀ। ਪੁਲਸ ਨੇ ਉਨ੍ਹਾਂ ਨੂੰ ਤਰਕ ਦਿੱਤਾ ਕਿ ਇਹ ਇਕ ਕਾਨੂੰਨੀ ਪ੍ਰਕਿਰਿਆ ਹੈ ਅਤੇ ਉਹ ਕਾਨੂੰਨੀ ਦਾਇਰੇ ਵਿਚ ਰਹਿ ਕੇ ਆਪਣਾ ਹੱਕ ਲੈ ਸਕਦੇ ਹਨ, ਪਰ ਝਗੜਾ ਕਰਕੇ ਕਾਨੂੰਨ ਨੂੰ ਹੱਥ ਵਿਚ ਲੈਣਾ ਗਲਤ ਹੈ। ਇਸ ਤੋਂ ਬਾਅਦ ਜਦੋਂ ਪੁਲਸ ਟੀਮ ਵਾਪਸ ਪਰਤਣ ਲੱਗੀ ਤਾਂ ਜ਼ਮੀਨ 'ਤੇ ਆਪਣਾ ਹੱਕ ਜਤਾਉਣ ਵਾਲੇ ਪੱਖ ਦੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ।

ਇਸ ਖਿੱਚ-ਧੂਹ ਦੌਰਾਨ ਇਕ ਪੁਲਸ ਮੁਲਾਜ਼ਮ ਦੀ ਪੱਗ ਉਤਾਰ ਦਿੱਤੀ ਗਈ ਅਤੇ ਵਰਦੀ ਵੀ ਪਾੜ ਦਿੱਤੀ ਗਈ। ਇਸ ਹੱਥੋਪਾਈ ਵਿਚ ਐੱਸ.ਐੱਚ.ਓ ਅਤੇ ਇਕ ਹੋਰ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਕਾਰਵਾਈ ਕਰਦਿਆਂ ਪੁਲਸ ਨੇ ਚਾਰ ਨਾਮਜ਼ਦ ਅਤੇ ਚਾਰ ਅਣਪਛਾਤੇ ਵਿਅਕਤੀਆਂ ਸਮੇਤ ਅੱਠ ਲੋਕਾਂ ਖ਼ਿਲਾਫ਼ ਐੱਫ.ਆਈ.ਆਰ (FIR) ਦਰਜ ਕੀਤੀ ਹੈ। ਇਨ੍ਹਾਂ ਵਿਚੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Anmol Tagra

Content Editor

Related News