ਟਿਊਸ਼ਨ ਤੋਂ ਪਰਤ ਰਹੇ ਵਿਦਿਆਰਥੀ ''ਤੇ ਗੰਡਾਸੇ ਨਾਲ ਹਮਲਾ, ਕੁੜੀ ਦੇ ਇਸ਼ਾਰੇ ''ਤੇ ਹੋਈ ਵਾਰਦਾਤ

Monday, Apr 27, 2026 - 03:52 PM (IST)

ਟਿਊਸ਼ਨ ਤੋਂ ਪਰਤ ਰਹੇ ਵਿਦਿਆਰਥੀ ''ਤੇ ਗੰਡਾਸੇ ਨਾਲ ਹਮਲਾ, ਕੁੜੀ ਦੇ ਇਸ਼ਾਰੇ ''ਤੇ ਹੋਈ ਵਾਰਦਾਤ

ਲੁਧਿਆਣਾ (ਰਾਜ): ਮਹਾਨਗਰ ਵਿਚ ਹੁਣ ਸਿੱਖਿਆ ਸੰਸਥਾਵਾਂ ਦੇ ਬਾਹਰ ਵੀ ਵਿਦਿਆਰਥੀ ਸੁਰੱਖਿਅਤ ਨਹੀਂ ਹਨ। ਸੇਖੇਵਾਲ ਸਥਿਤ ਆਨੰਦ ਐਜੂਕੇਸ਼ਨ ਦੇ ਬਾਹਰ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ ਇਕ ਵਿਦਿਆਰਥੀ 'ਤੇ ਕੁਝ ਨੌਜਵਾਨਾਂ ਨੇ ਗੰਡਾਸੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਨਾ ਸਿਰਫ਼ ਵਿਦਿਆਰਥੀ ਨੂੰ ਜ਼ਖਮੀ ਕਰ ਗਏ, ਸਗੋਂ ਉਸ ਦੇ ਗਲੇ ਤੋਂ ਸੋਨੇ ਦੀ ਚੇਨ ਵੀ ਲੁੱਟ ਕੇ ਲੈ ਗਏ। ਪੀੜਤ ਵਿਦਿਆਰਥੀ ਪਾਰਸ ਬੱਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 23 ਅਪ੍ਰੈਲ ਨੂੰ ਉਹ ਹਮੇਸ਼ਾ ਦੀ ਤਰ੍ਹਾਂ ਆਨੰਦ ਐਜੂਕੇਸ਼ਨ ਤੋਂ ਟਿਊਸ਼ਨ ਪੜ੍ਹ ਕੇ ਘਰ ਜਾਣ ਲਈ ਪੌੜੀਆਂ ਤੋਂ ਹੇਠਾਂ ਉਤਰਿਆ ਸੀ।

ਅਜੇ ਉਹ ਸੜਕ 'ਤੇ ਪਹੁੰਚਿਆ ਹੀ ਸੀ ਕਿ ਕਰੀਬ 10 ਕਦਮਾਂ ਦੀ ਦੂਰੀ 'ਤੇ ਤਰੁਣ ਸਿੰਘ, ਰੁਦਰ ਅਤੇ ਉਨ੍ਹਾਂ ਦੇ ਤਿੰਨ ਹੋਰ ਅਣਪਛਾਤੇ ਸਾਥੀ ਖੜ੍ਹੇ ਸਨ। ਉਸ ਦੇ ਨਾਲ ਹੀ ਟਿਊਸ਼ਨ ਪੜ੍ਹਨ ਵਾਲੀ ਕੁੜੀ ਨੇ ਉਨ੍ਹਾਂ ਨੌਜਵਾਨਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ— "ਫੜ ਲਓ ਇਸ ਨੂੰ, ਛੱਡਣਾ ਨਹੀਂ"। ਇਸ਼ਾਰਾ ਮਿਲਦੇ ਹੀ ਮੁਲਜ਼ਮਾਂ ਨੇ ਵਿਦਿਆਰਥੀ ਨੂੰ ਘੇਰ ਲਿਆ ਅਤੇ ਗੰਡਾਸੇ ਨਾਲ ਉਸ 'ਤੇ ਹਮਲਾ ਕਰ ਦਿੱਤਾ। ਕੁੱਟਮਾਰ ਦੌਰਾਨ ਮੁਲਜ਼ਮਾਂ ਨੇ ਵਿਦਿਆਰਥੀ ਦੇ ਗਲੇ ਵਿਚ ਪਾਈ ਹੋਈ ਸੋਨੇ ਦੀ ਚੇਨ ਵੀ ਖੋਹ ਲਈ। ਰੌਲ਼ਾ ਪਾਉਣ 'ਤੇ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। 

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਹਮਲੇ ਪਿੱਛੇ ਪੁਰਾਣੀ ਰੰਜਿਸ਼ ਅਤੇ ਸ਼ੱਕ ਹੈ। ਮੁਲਜ਼ਮ ਤਰੁਣ ਸਿੰਘ, ਰੁਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ੱਕ ਸੀ ਕਿ ਪੀੜਤ ਵਿਦਿਆਰਥੀ ਉਨ੍ਹਾਂ ਦੀ ਜਾਣਕਾਰ ਕੁੜੀ ਨਾਲ ਗੱਲਬਾਤ ਕਰਦਾ ਹੈ। ਇਸੇ ਗੱਲ ਤੋਂ ਖਾਰ ਖਾਈ ਬੈਠੇ ਮੁਲਜ਼ਮਾਂ ਨੇ ਯੋਜਨਾ ਬਣਾ ਕੇ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ। ਥਾਣਾ ਦਰੇਸੀ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਤਰੁਣ ਸਿੰਘ, ਰੁਦਰ, ਸ਼ਿਵਾਂਗੀ ਅਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Anmol Tagra

Content Editor

Related News