ਜਲੰਧਰ : ਮੈਡੀਕਲ ਸਟੋਰ ''ਚ ਬੈਠੀ ਮਹਿਲਾ ''ਤੇ ਹਮਲਾ, ਸੋਨੇ ਦੀ ਚੇਨੀ ਲੁੱਟ ਕੇ ਲੁਟੇਰੇ ਫ਼ਰਾਰ
Saturday, May 02, 2026 - 09:30 PM (IST)
ਜਲੰਧਰ (ਸੁਨੀਲ ਮਹਾਜਨ) : ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਨੇੜੇ ਸਥਿਤ ਲਵਲੀ ਸਵੀਟਸ ਦੇ ਕੋਲ ਇਕ ਮੈਡੀਕਲ ਸਟੋਰ 'ਤੇ ਦਿਨ-ਦਿਹਾੜੇ ਲੁੱਟ ਅਤੇ ਹਮਲੇ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਲੁਟੇਰਿਆਂ ਨੇ ਮੈਡੀਕਲ ਸਟੋਰ 'ਚ ਬੈਠੀ ਇੱਕ ਮਹਿਲਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਸ ਦੇ ਗਲੇ 'ਚੋਂ ਸੋਨੇ ਦੀ ਚੇਨੀ ਲੁੱਟ ਕੇ ਫ਼ਰਾਰ ਹੋ ਗਏ। ਇਸ ਹਮਲੇ ਦੌਰਾਨ ਮਹਿਲਾ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੇ ਸਿਰ 'ਤੇ ਟਾਂਕੇ ਲੱਗੇ ਹਨ। ਜ਼ਖ਼ਮੀ ਮਹਿਲਾ ਦੀ ਪਛਾਣ ਆਸ਼ਾ ਰਾਣੀ ਵਜੋਂ ਹੋਈ ਹੈ।
ਗਾਹਕ ਬਣ ਕੇ ਆਏ ਲੁਟੇਰੇ
ਚਸ਼ਮਦੀਦਾਂ ਅਨੁਸਾਰ, ਲੁਟੇਰੇ ਪਹਿਲਾਂ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਰੇਕੀ ਕਰਨ ਤੋਂ ਬਾਅਦ ਗਾਹਕ ਬਣ ਕੇ ਮੈਡੀਕਲ ਸਟੋਰ ਦੇ ਅੰਦਰ ਦਾਖਲ ਹੋਏ। ਜਦੋਂ ਉਨ੍ਹਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਨੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ। ਵਿਰੋਧ ਕਰਨ 'ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਮਹਿਲਾ ਦੇ ਸਿਰ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਲਹੂ ਲੁਹਾਨ ਹੋ ਗਈ। ਵਾਰਦਾਤ ਤੋਂ ਬਾਅਦ ਲੁਟੇਰੇ ਸੋਨੇ ਦੀ ਚੇਨੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਸ ਕਰ ਰਹੀ CCTV ਕੈਮਰਿਆਂ ਦੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚਾਰ ਦੀ ਇੰਚਾਰਜ ਅਨੂ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੀ। ਪੁਲਸ ਵੱਲੋਂ ਇਲਾਕੇ ਦੇ CCTV ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ। ਪੁਲਸ ਦਾ ਦਾਅਵਾ ਹੈ ਕਿ ਲੁਟੇਰਿਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿਨ-ਦਿਹਾੜੇ ਹੋਈ ਇਸ ਵਾਰਦਾਤ ਨੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
