ਪਾਵਰਕਾਮ ''ਚ 65 ਫੀਸਦੀ ਸਟਾਫ ਦੀ ਘਾਟ

Monday, Sep 04, 2017 - 04:35 AM (IST)

ਨਵਾਂਸ਼ਹਿਰ- ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ 'ਚ ਨਾ ਸਿਰਫ ਬਿਜਲੀ ਸਰਪਲੱਸ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਸਗੋਂ ਇਸ ਮੁੱਦੇ ਦਾ ਲਾਭ ਹਰ ਰਾਜਨੀਤਕ ਮੰਚ 'ਤੇ ਹਾਸਲ ਕਰਨ ਦਾ ਯਤਨ ਵੀ ਕੀਤਾ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਪੰਜਾਬ 'ਚ ਬਿਜਲੀ ਸਪਲਾਈ ਨੂੰ ਲੈ ਕੇ ਸ਼ਹਿਰੀ ਤੇ ਪੇਂਡੂ ਬਿਜਲੀ ਖਪਤਕਾਰ ਤੇ ਕਿਸਾਨ ਕਾਫ਼ੀ ਹੱਦ ਤੱਕ ਸੰਤੁਸ਼ਟ ਰਹੇ ਹਨ ਪਰ ਜਦੋਂ ਤੋਂ ਪੰਜਾਬ ਦੀ ਸੱਤਾ 'ਤੇ ਕਾਂਗਰਸ ਕਾਬਜ਼ ਹੋਈ ਹੈ, ਉਦੋਂ ਤੋਂ ਸਾਬਕਾ ਸਰਕਾਰ ਦੇ ਦਾਅਵੇ ਜਿਥੇ ਅੱਜ ਵੀ ਫਰੇਬ ਨਜ਼ਰ ਆਉਣ ਲੱਗੇ ਹਨ, ਉਥੇ ਹੀ ਮੌਜੂਦਾ ਸਰਕਾਰ 'ਤੇ ਵੀ ਉਂਗਲੀਆਂ ਉੱਠਣ ਲੱਗ ਪਈਆਂ ਹਨ। ਵਿਭਾਗ 'ਚ 65 ਫੀਸਦੀ ਸਟਾਫ ਦੀ ਘਾਟ ਕਾਰਨ ਵੀ ਲੋਕਾਂ ਨੂੰ ਬਿਜਲੀ ਸੰਬੰਧੀ ਸ਼ਿਕਾਇਤਾਂ ਤੇ ਲੰਬੇ-ਲੰਬੇ ਬਿਜਲੀ ਕੱਟ ਝੱਲਣੇ ਪੈ ਰਹੇ ਹਨ। ਮੁਰੰਮਤ ਦੇ ਨਾਂ 'ਤੇ ਤੰਗ ਹੋ ਰਹੇ ਬਿਜਲੀ ਖ਼ਪਤਕਾਰਾਂ ਦੇ ਪਾਵਰਕਾਮ ਖਿਲਾਫ਼ ਲਗਾਤਾਰ ਵੱਧ ਰਹੇ ਗੁੱਸੇ ਦੇ ਮੱਦੇਨਜ਼ਰ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਲਈ ਵਿਭਾਗ ਕੀ ਸਪੱਸ਼ਟੀਕਰਨ ਦਿੰਦਾ ਹੈ, ਨੂੰ ਉਜਾਗਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।  ਪਾਵਰਕਾਮ ਵੱਲੋਂ ਪੂਰਾ-ਪੂਰਾ ਹਫ਼ਤਾ ਸ਼ਹਿਰ ਦੇ ਵੱਖ-ਵੱਖ ਫੀਡਰਾਂ 'ਤੇ ਬਿਜਲੀ ਕੱਟ ਲਾਏ ਜਾ ਰਹੇ ਹਨ। ਇਸ ਸੰਬੰਧ 'ਚ ਵਿਭਾਗ ਵੱਲੋਂ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਕੱਟਾਂ ਸੰਬੰਧੀ ਪਹਿਲਾਂ ਤੋਂ ਹੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। 5 ਘੰਟੇ ਦਾ ਸਮਾਂ ਦੇ ਕੇ ਲੱਗਣ ਵਾਲੇ ਬਿਜਲੀ ਕੱਟਾਂ ਤੋਂ ਬਾਅਦ ਕਦੇ ਵੀ ਨਿਰਧਾਰਿਤ ਸਮੇਂ 'ਤੇ ਬਿਜਲੀ ਨਹੀਂ ਆਉਂਦੀ। ਇਸ ਸੰਬੰਧ 'ਚ ਆਰੀਆ ਸਮਾਜ ਦੇ ਵਾਈਸ ਪ੍ਰਧਾਨ ਵਿਨੋਦ ਭਾਰਦਵਾਜ, ਪੰਡਿਤ ਕਮਲ ਕੁਮਾਰ ਤੇ ਬਾਵਾ ਮੰਗਲ ਸੇਨ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਵਿਭਾਗ ਵੱਲੋਂ ਫੀਡਰ ਨੰਬਰ-2 ਅਧੀਨ ਆਉਂਦੇ ਮੁਹੱਲਿਆਂ ਤੇ ਮਾਰਗਾਂ 'ਤੇ ਸਵੇਰੇ 11 ਤੋਂ 3 ਵਜੇ ਤੱਕ ਬਿਜਲੀ ਕੱਟ ਲਾਇਆ ਗਿਆ ਸੀ ਪਰ ਨਿਰਧਾਰਿਤ ਸਮੇਂ ਦੇ ਢਾਈ ਘੰਟੇ ਵੱਧ ਬੀਤ ਜਾਣ ਤੋਂ ਬਾਅਦ ਵੀ ਬਿਜਲੀ ਦੀ ਸਪਲਾਈ ਬਹਾਲ ਨਹੀਂ ਹੋਈ। ਇਸ ਦੌਰਾਨ 2 ਮਿੰਟ ਬਿਜਲੀ ਆਉਣ ਤੋਂ ਬਾਅਦ ਚਲੀ ਗਈ ਤੇ ਮੁੜ ਰਾਤ ਸਾਢੇ 8 ਵਜੇ ਆਈ। ਇਸ ਤਰ੍ਹਾਂ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ, ਜਿਸ ਕਾਰਨ ਘਰਾਂ ਦੇ ਇਨਵਰਟਰ ਤੇ ਤੇਲ ਮੁੱਕਣ ਨਾਲ ਜਨਰੇਟਰ ਵੀ ਫੇਲ ਹੁੰਦੇ ਦਿਖਾਈ ਦੇ ਰਹੇ ਹਨ।


Related News