''ਗੁੱਡੀ ਚੜ੍ਹਾਈ ਤਾਂ 5 ਹਜ਼ਾਰ ਰੁਪਏ ਜੁਰਮਾਨਾ...!'', ਪੰਜਾਬ ਦੇ ਇਸ ਪਿੰਡ ''ਚ ਪਤੰਗਬਾਜ਼ੀ Ban
Wednesday, Jan 28, 2026 - 04:20 PM (IST)
ਭਵਾਨੀਗੜ੍ਹ (ਕਾਂਸਲ)- ਪੰਜਾਬ ’ਚ ਚਾਇਨਾ ਡੋਰ ਨਾਲ ਬੇਗੁਨਾਹ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਕਈ ਵਿਅਕਤੀਆਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦੇ ਵਾਪਰੇ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਨੇੜਲੇ ਪਿੰਡ ਫੁੰਮਣਵਾਲ ਵਿਖੇ ਸਰਪੰਚ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ’ਚ ਇਸ ਖੂਨੀ ਡੋਰ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਨਾਲ ਨਾਲ ਪਿੰਡ ’ਚ ਪਤੰਗਬਾਜ਼ੀ ਕਰਨ ਅਤੇ ਪਤੰਗ ਅਤੇ ਚਾਇਨਾ ਡੋਰ ਵੇਚਣ ’ਤੇ ਵੀ ਪੂਰਨ ਪਾਬੰਦੀ ਲਗਾਉਣ ਸਬੰਧੀ ਮਤਾ ਪਾਸ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਫੁੰਮਣਵਾਲ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ’ਚ ਚਾਇਨਾ ਡੋਰ ਨਾਲ ਪਤੰਗਬਾਜ਼ੀ ਦੌਰਾਨ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਇਕ ਸਰਪੰਚ ਦੇ ਇਕਲੋਤੇ ਪੁੱਤਰ ਸਮੇਤ ਹੋਰ ਕਈ ਬੇਗੁਨਾਹ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਕਈਆਂ ਦੇ ਜਖ਼ਮੀ ਹੋ ਜਾਣ ਦੇ ਸਾਹਮਣੇ ਆਏ ਮਾਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਿੰਡ ’ਚ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ’ਚ ਪਤੰਗਬਾਜ਼ੀ ਕਰਨ ਉਪਰ ਪੂਰਨ ਪਾਬੰਦੀ ਲਗਾਉਣ ਅਤੇ ਚਾਇਨਾ ਡੋਰ ਵੇਚਣ ਅਤੇ ਪਤੰਗ ਵੇਚਣ ਉਪਰ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਲਾਗੂ ਕੀਤਾ ਗਿਆ ਹੈ ਅਤੇ ਜੋ ਵੀ ਵਿਅਕਤੀ ਪਿੰਡ ’ਚ ਪੰਚਾਇਤ ਦੇ ਇਸ ਫੈਸਲੇ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਉਸ ਨੂੰ 5 ਹਜਾਰ ਰੁਪਏ ਜੁਰਮਾਨਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਪਤੰਗਬਾਜ਼ੀ ਦੌਰਾਨ ਚਾਇਨਾ ਡੋਰ ਨਾਲ ਵਾਪਰੀਆਂ ਇਹ ਘਟਨਾਵਾਂ ਬਹੁਤ ਮਦਭਾਗੀਆਂ ਸਨ ਅਤੇ ਸੂਬਾ ਸਰਕਾਰ ਨੂੰ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੂਬੇ ਅੰਦਰ ਚਾਇਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਿਚ ਵਿਆਹ ਜਾਂ ਬੱਚਾ ਹੋਣ ’ਤੇ ਮਹੰਤਾਂ (ਕਿੰਨਰਾਂ) ਨੂੰ ਜਨਰਲ ਵਰਗ ਵਲੋਂ 2100 ਅਤੇ ਦਲਿਤ ਵਰਗ ਵਲੋਂ 1100 ਵਧਾਈ ਦੇ ਤੌਰ ’ਤੇ ਦਿੱਤੇ ਜਾਣ ਸਬੰਧੀ ਵੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਨੰਬਰਦਾਰ, ਸਤਨਾਮ ਸਿੰਘ ਬਲਾਕ ਪ੍ਰਧਾਨ, ਗੁਰਧਿਆਨ ਸਿੰਘ, ਨਿਰਭੈ ਸਿੰਘ, ਮਲਕੀਤ ਸਿੰਘ, ਸੁਖਵੰਤ ਸਿੰਘ, ਗੁਰਤੇਜ ਸਿੰਘ ਅਤੇ ਹਮੀਰ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।
