ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਦੀ ਚੋਣ ਮੁਲਤਵੀ, ਕੋਈ ਵੀ ਮੈਂਬਰ ਮੀਟਿੰਗ ‘ਚ ਨਾ ਪਹੁੰਚਿਆ
Thursday, Mar 05, 2026 - 03:29 PM (IST)
ਭਵਾਨੀਗੜ੍ਹ (ਕਾਂਸਲ) : ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਦੀ ਚੋਣ ਲਈ ਅੱਜ ਬੁਲਾਈ ਗਈ ਮੀਟਿੰਗ ਵਿਚ ਸੰਮਤੀ ਦੇ 15 ਮੈਂਬਰਾਂ ਵਿਚੋਂ ਕਿਸੇ ਵੀ ਮੈਂਬਰ ਦੇ ਹਾਜ਼ਰ ਨਾ ਹੋਣ ਕਾਰਨ ਚੇਅਰਮੈਨ ਦੀ ਕੁਰਸੀ ਚੇਅਰਮੈਨ ਤੋਂ ਵਾਂਝੀ ਰਹਿ ਗਈ। ਨਿਰਧਾਰਿਤ ਸਮੇਂ ਤੱਕ ਮੈਂਬਰਾਂ ਦੀ ਉਡੀਕ ਕੀਤੀ ਗਈ ਪਰ ਅਖੀਰ ਤੱਕ ਕਿਸੇ ਵੀ ਮੈਂਬਰ ਦੇ ਨਾ ਪਹੁੰਚਣ ਕਾਰਨ ਐੱਸਡੀਐੱਮ ਭਵਾਨੀਗੜ੍ਹ ਵੱਲੋਂ ਚੋਣ ਪ੍ਰਕਿਰਿਆ ਲਈ ਰੱਖੀ ਗਈ ਇਹ ਮੀਟਿੰਗ ਮੁਲਤਵੀ ਕਰ ਦਿੱਤੀ। ਜਾਣਕਾਰੀ ਅਨੁਸਾਰ ਚੇਅਰਮੈਨ ਦੀ ਚੋਣ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਵੇਰੇ ਤੋਂ ਹੀ ਬਲਾਕ ਸੰਮਤੀ ਦਫ਼ਤਰ ਵਿਖੇ ਸੁਰੱਖਿਆ ਦੇ ਪੂਰੇ ਸਖਤ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਦਫ਼ਤਰ ਦੇ ਦੋਵੇਂ ਗੇਟ ਬੰਦ ਕਰਕੇ ਉਥੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ।
ਇਸ ਸਬੰਧੀ ਐਸ.ਡੀ.ਐਮ. ਵਨੀਗੜ ਮਨਜੀਤ ਕੌਰ ਨੇ ਦੱਸਿਆ ਕਿ ਅੱਜ ਹੋਣ ਵਾਲੀ ਮੀਟਿੰਗ ਲਈ ਸਾਰੇ ਬਲਾਕ ਸੰਮਤੀ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਸੀ ਪਰ ਨਿਰਧਾਰਿਤ ਸਮੇਂ ਤੱਕ ਕੋਈ ਵੀ ਮੈਂਬਰ ਮੀਟਿੰਗ ਵਿਚ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਦੁਪਹਿਰ ਕਰੀਬ 12 ਵਜੇ ਤੱਕ ਮੈਂਬਰਾਂ ਦੀ ਉਡੀਕ ਕੀਤੀ ਗਈ ਪਰ ਸਮਾਂ ਲੰਘ ਜਾਣ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਦੁਬਾਰਾ ਮੀਟਿੰਗ ਬੁਲਾਈ ਜਾਵੇਗੀ ਅਤੇ ਸਾਰੇ ਮੈਂਬਰਾਂ ਨੂੰ ਮੀਟਿੰਗ ਤੋਂ ਪਹਿਲਾਂ ਲਿਖਤੀ ਸੁਨੇਹਾ ਪੱਤਰ ਭੇਜਿਆ ਜਾਵੇਗਾ ਤਾਂ ਜੋ ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਦੀ ਚੋਣ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਇਸ ਮੌਕੇ ਬੀ.ਡੀ.ਪੀ.ਓ. ਗੁਰਦਰਸ਼ਨ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ 14 ਦਸੰਬਰ 2025 ਨੂੰ ਬਲਾਕ ਭਵਾਨੀਗੜ੍ਹ ਦੇ 15 ਜ਼ੋਨਾਂ ਲਈ ਬਲਾਕ ਸੰਮਤੀ ਮੈਂਬਰਾਂ ਦੀ ਚੋਣ ਲਈ ਹੋਈ ਵੋਟਿੰਗ ਦੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 6 ਮੈਂਬਰ ਅਤੇ ਕਾਂਗਰਸ ਪਾਰਟੀ ਦੇ ਵੀ 6 ਮੈਂਬਰਾਂ ਤੋਂ ਇਲਾਵਾ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ ਤੇ ਇਨ੍ਹਾਂ ਚੋਣਾਂ ਦੇ ਵਿਚ ਅਕਾਲੀ ਦਲ ਅਤੇ ਭਾਜਪਾ ਦੀ ਝੋਲੀ ਪੂਰੀ ਤਰ੍ਹਾਂ ਖਾਲੀ ਨਜ਼ਰ ਆਈ ਸੀ। ਪਰ ਅੱਜ ਬਲਾਕ ਸੰਮਤੀ ਦੇ ਚੇਅਰਮੈਨ ਦੇ ਅਹੁਦੇ ਦੀ ਚੋਣ ਲਈ ਰੱਖੀ ਗਈ ਮੀਟਿੰਗ ਵਿਚ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਨਜ਼ਰ ਆਈ ਕਿ ਇਸ ਮੀਟਿੰਗ ਵਿਚ ਸੱਤਾਧਾਰੀ ਪਾਰਟੀ ਦੇ ਜੇਤੂ 6 ਉਮੀਦਵਾਰ ਵੀ ਇਸ ਮੀਟਿੰਗ ਵਿਚ ਹਾਜ਼ਰ ਨਹੀਂ ਹੋਏ।
