ਪੰਜਾਬ: 30 ਲੱਖ ਰੁਪਏ ਦੀ ਲਾਟਰੀ ਜਿੱਤਣ ਵਾਲਾ ''ਲਾਪਤਾ'', ਗਲੀ-ਗਲੀ ''ਚ ਹੋ ਰਹੀ ਭਾਲ
Friday, Mar 06, 2026 - 01:48 PM (IST)
ਬਰਨਾਲਾ (ਕਮਲਜੀਤ): ਪੰਜਾਬ ਵਿਚ ਇਕ ਸ਼ਖਸ ਨੇ 50 ਰੁਪਏ ਵਿਚ ਲਾਟਰੀ ਖਰੀਦੀ ਸੀ ਤੇ ਉਸ ਟਿਕਟ 'ਤੇ 30 ਲੱਖ ਰੁਪਏ ਦਾ ਇਨਾਮ ਵੀ ਜਿੱਤ ਲਿਆ ਹੈ, ਪਰ ਅਜੇ ਤਕ ਉਹ ਇਨਾਮ ਲੈਣ ਹੀ ਨਹੀਂ ਆਇਆ। ਹੁਣ ਲਾਟਰੀ ਏਜੰਟ ਵੱਲੋਂ ਗਲੀ-ਗਲੀ ਵਿਚ ਅਨਾਊਂਸਮੈਂਟ ਕਰਵਾ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਜੇਤੂ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਨਿਯਮਾਂ ਮੁਤਾਬਕ, ਜੇਕਰ ਉਹ ਵਿਅਕਤੀ ਜਿੱਤੀ ਹੋਈ ਰਕਮ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਹੀਂ ਲੈਣ ਆਉਂਦਾ ਤਾਂ ਇਹ ਰਕਮ ਸਰਕਾਰੀ ਖਾਤੇ ਵਿਚ ਚਲੀ ਜਾਵੇਗੀ।
ਦਰਅਸਲ, ਬਰਨਾਲਾ ਰੇਲਵੇ ਸਟੇਸ਼ਨ ਨੇੜੇ ਲਾਟਰੀ ਟਿਕਟ ਵੇਚਣ ਵਾਲੇ ਏਜੰਟ ਜੈ ਸ਼ੰਕਰ ਨੇ 50 ਰੁਪਏ ਵਿਚ ਰਾਜਸ਼੍ਰੀ ਲਾਟਰੀ ਦੀ ਟਿਕਟ ਵੇਚੀ ਸੀ। ਇਸ ਟਿਕਟ ਵਿਚ ਇਕ ਵਿਅਕਤੀ ਨੇ 30 ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਜੇਤੂ ਦੇ ਸਵਾਗਤ ਲਈ ਦੁਕਾਨ ਨੂੰ ਸਜਾਇਆ ਗਿਆ ਹੈ ਤੇ ਉੱਥੇ ਢੋਲ ਵੱਜ ਰਹੇ ਹਨ, ਪਰ ਅਜੇ ਤਕ ਉਹ ਇਨਾਮ ਦੀ ਰਕਮ ਲੈਣ ਲਈ ਸਾਹਮਣੇ ਨਹੀਂ ਆਇਆ। ਜੈ ਸ਼ੰਕਰ ਬਰਨਾਲਾ ਸ਼ਹਿਰ ਦੀ ਗਲੀਆਂ ਵਿਚ ਇਸ ਜੇਤੂ ਦੀ ਭਾਲ ਲਈ ਅਨਾਊਂਸਮੈਂਟਾਂ ਕਰਵਾ ਰਿਹਾ ਹੈ। ਇਸ ਦੌਰਾਨ ਰਾਜਸ਼੍ਰੀ ਕੰਪਨੀ ਵੱਲੋਂ ਰਾਜ ਕੁਮਾਰ ਵਰਮਾ ਉਚੇਚੇ ਤੌਰ 'ਤੇ ਲੁਧਿਆਣਾ ਤੋਂ ਬਰਨਾਲਾ ਪਹੁੰਚੇ ਅਤੇ ਜੈ ਸ਼ੰਕਰ ਨੂੰ ਸਨਮਾਨਿਤ ਕੀਤਾ ਅਤੇ ਕਮਿਸ਼ਨ ਵਜੋਂ ਇਕ ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਇਸ ਦੇ ਨਾਲ ਹੀ ਉਸ ਦਾ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ ਤੇ ਕੇਕ ਵੀ ਕੱਟਿਆ।
ਰਾਜਸ਼੍ਰੀ ਲਾਟਰੀ ਦੇ ਮੈਨੇਜਰ ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਮਹੀਨਾਵਾਰ ਲਾਟਰੀ ਦੇ ਨਤੀਜੇ ਦਾ ਐਲਾਨ 26 ਫ਼ਰਵਰੀ ਨੂੰ ਕੀਤਾ ਗਿਆ ਸੀ। ਇਸ ਵਿਚ ਏਜੰਟ ਜੈ ਸ਼ੰਕਰੀ ਲਾਟਰੀ ਬਰਨਾਲਾ ਵੱਲੋਂ ਵੇਚੀ ਗਈ ਟਿਕਟ 'ਤੇ 30 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ, ਪਰ ਪਿਛਲੇ ਕਈ ਦਿਨਾਂ ਤੋਂ ਜੇਤੂ ਦੀ ਭਾਲ ਕੀਤੀ ਜਾ ਰਹੀ ਹੈ ਤੇ ਇਸ ਲਈ ਅਨਾਊਂਸਮੈਂਟ ਕਰਵਾਉਣ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਪਰ ਅਜੇ ਤਕ ਉਨ੍ਹਾਂ ਨੂੰ ਜੇਤੂ ਨਹੀਂ ਲੱਭਿਆ। ਉਨ੍ਹਾਂ ਦੱਸਿਆ ਕਿ ਜਿੱਤੀ ਹੋਈ ਰਕਮ ਇਕ ਮਹੀਨੇ ਦੇ ਅੰਦਰ-ਅੰਦਰ ਲੈਣਾ ਲਾਜ਼ਮੀ ਹੁੰਦੀ ਹੈ, ਜੇਕਰ ਜੇਤੂ ਸਮੇਂ ਸਿਰ ਸਾਹਮਣੇ ਨਹੀਂ ਆਉਂਦਾ ਤਾਂ ਇਹ ਰਕਮ ਸਰਾਕਰੀ ਖਾਤੇ ਵਿਚ ਚਲੀ ਜਾਵੇਗੀ।
