'ਰਾਹੁਲ ਗਾਂਧੀ ਕਿਸਾਨਾਂ-ਮਜ਼ਦੂਰਾਂ ਦੇ ਅਸਲੀ ਹੀਰੋ', ਚਰਨਜੀਤ ਚੰਨੀ ਨੇ ਘੇਰੀ ਪੰਜਾਬ ਸਰਕਾਰ
Saturday, Feb 28, 2026 - 01:52 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਖੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਵਿਸ਼ਾਲ 'ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਅਤੇ ਸੂਬਾ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਚੰਨੀ ਨੇ ਜਿੱਥੇ ਰਾਹੁਲ ਗਾਂਧੀ ਨੂੰ ਪੰਜਾਬੀਆਂ ਦਾ ਸੱਚਾ ਹਮਦਰਦ ਦੱਸਿਆ, ਉੱਥੇ ਹੀ ਸੂਬੇ ਦੇ ਮੌਜੂਦਾ ਹਾਲਾਤਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ। ਰਾਹੁਲ ਗਾਂਧੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਜਿਸ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ, ਉਸ ਲੜਾਈ ਨੂੰ ਰਾਹੁਲ ਗਾਂਧੀ ਪੂਰੀ ਨਿਡਰਤਾ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਗਰੀਬਾਂ ਅਤੇ ਮਿਹਨਤਕਸ਼ਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਉਹ ਅੱਜ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਲੀ ਹੀਰੋ ਮੰਨ ਲਿਆ ਹੈ ਕਿਉਂਕਿ ਉਹ ਸੱਤਾ ਲਈ ਨਹੀਂ, ਸਗੋਂ ਲੋਕਾਂ ਦੇ ਹੱਕਾਂ ਲਈ ਸੜਕਾਂ 'ਤੇ ਉਤਰੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ
ਸ਼ਾਇਰਾਨਾ ਅੰਦਾਜ਼ 'ਚ ਪੰਜਾਬ ਦੇ ਦਰਦ ਦਾ ਜ਼ਿਕਰ
ਚਰਨਜੀਤ ਸਿੰਘ ਚੰਨੀ ਨੇ ਰੈਲੀ ਦੌਰਾਨ ਆਪਣੇ ਵਿਲੱਖਣ ਸ਼ਾਇਰਾਨਾ ਅੰਦਾਜ਼ 'ਚ ਪੰਜਾਬ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ 'ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ, ਲੈ ਕੇ ਮਿਰਚਾਂ ਹੱਥ ਵਿੱਚ ਇਹਦੇ ਉੱਪਰੋਂ ਵਾਰੋ।' ਉਨ੍ਹਾਂ ਕਿਹਾ ਕਿ ਪੰਜਾਬ ਜੋ ਕਦੇ ਖੁਸ਼ਹਾਲੀ ਦਾ ਪ੍ਰਤੀਕ ਸੀ, ਅੱਜ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਗ੍ਰਿਫ਼ਤ 'ਚ ਆ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸ਼ਾਸਨ ਦੌਰਾਨ ਸੂਬੇ 'ਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ 'ਚ ਫਸ ਰਹੀ ਹੈ। ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਚੰਨੀ ਨੇ ਕਿਹਾ ਕਿ ਅੱਜ 'ਕਾਲੇ ਅੰਗਰੇਜ਼' ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ।
ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਲੋਕਾਂ ਵੱਲ ਸੀ, ਜੋ ਬਾਹਰੋਂ ਆ ਕੇ ਪੰਜਾਬ ਦੇ ਸਰੋਤਾਂ 'ਤੇ ਕਾਬਜ਼ ਹੋ ਰਹੇ ਹਨ ਅਤੇ ਸੂਬੇ ਦੀ ਆਰਥਿਕਤਾ ਨੂੰ ਖੋਰਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੀਆਂ ਤਾਕਤਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਵੇਗੀ। ਚੰਨੀ ਨੇ ਅਖ਼ੀਰ 'ਚ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ 'ਚ ਜਾ ਕੇ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਤਾਂ ਜੋ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਮੁੜ ਖੁਸ਼ਹਾਲੀ ਦੀ ਲੀਹ 'ਤੇ ਲਿਆਂਦਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
